ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ H-1B ਵੀਜ਼ਾ ਸਸਪੈਂਡ ਕਰਨ ‘ਤੇ ਵਿਚਾਰ ਕਰ ਰਹੇ ਹਨ। ਅਜਿਹੇ ‘ਚ ਭਾਰਤ ਨੂੰ ਇਸ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ ਕਿਉਂਕਿ ਭਾਰਤ ‘ਚ ਹਜ਼ਾਰਾਂ ਆਈਟੀ ਪੇਸ਼ੇਵਰ ਇਸ ਵੀਜ਼ੇ ਜ਼ਰੀਏ ਆਪਣਾ ਅਮਰੀਕਾ ਜਾਣ ਦਾ ਸੁਫ਼ਨਾ ਪੂਰਾ ਕਰਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਮਰੀਕਾ ‘ਚ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਦੇ ਮੱਦੇਨਜ਼ਰ H-1B ਤੇ ਕੁਝ ਹੋਰ ਵੀਜ਼ਾ ਸਸਪੈਂਡ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਵਾਲ ਸਟ੍ਰੀਟ ਜਰਨਲ ਦੀ ਇਕ ਖ਼ਬਰ ਮੁਤਾਬਕ H-1B ਤੇ ਕੁਝ ਹੋਰ ਵੀਜ਼ਾ ਪ੍ਰਣਾਲੀ ਲਈ ਇਹ ਪ੍ਰਸਤਾਵਿਤ ਸਸਪੈਂਸ਼ਨ ਅਮਰੀਕਾ ‘ਚ ਬਾਹਰ ਤੋਂ ਆਉਣ ਵਾਲੇ ਪੇਸ਼ੇਵਰਾਂ ਲਈ ਵੱਡਾ ਝਟਕਾ ਹੋ ਸਕਦੀ ਹੈ। ਇਹ ਸਸਪੈਂਸ਼ਨ ਪਹਿਲੀ ਅਕਤਬੂਰ ਤੋਂ ਸ਼ੁਰੂ ਹੋਣ ਵਾਲੇ ਸਰਕਾਰ ਦੇ ਨਵੇਂ ਵਿੱਤੀ ਵਰ੍ਹੇ ‘ਚ ਸ਼ੁਰੂ ਹੋ ਸਕਦੀ ਹੈ। ਰਿਪੋਰਟ ‘ਚ ਕਿਹਾ ਗਿਆ ਕਿ ਪਹਿਲਾਂ ਤੋਂ ਪ੍ਰਸਤਾਵਿਤ ਵੀਜ਼ਾ ਧਾਰਕਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ।