ਅਮਰੀਕਾ ਦੇ ਖ਼ੁਫ਼ੀਆ ਵਿਭਾਗ ਮੁਖੀ ਜੋਹਨ ਰੇਟਕਲਿਫ ਨੇ ਕਿਹਾ ਹੈ ਕਿ ਦੂਜੇ ਵਿਸ਼ਵ ਯੁੱਧ ਪਿੱਛੋਂ ਹੀ ਅਮਰੀਕਾ ਅਤੇ ਪੂਰੇ ਵਿਸ਼ਵ ਲਈ ਚੀਨ ਸਭ ਤੋਂ ਵੱਡਾ ਖ਼ਤਰਾ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਚੀਨ ‘ਤੇ ਸਖ਼ਤੀ ਵਰਤ ਰਹੇ ਹਨ ਅਤੇ ਜੋਅ ਬਾਇਡਨ ਨੂੰ ਵੀ ਅਜਿਹਾ ਹੀ ਕਰਨ ਲਈ ਰਸਤਾ ਦਿਖਾ ਰਹੇ ਹਨ।
ਇਕ ਅਖ਼ਬਾਰ ਵਿਚ ਆਪਣੇ ਲੇਖ ਵਿਚ ਖ਼ੁਫ਼ੀਆ ਵਿਭਾਗ ਦੇ ਮੁਖੀ ਨੇ ਚੀਨ ਦੀ ਮਨਸ਼ਾ ਨੂੰ ਸਾਫ਼ ਕਰਦੇ ਹੋਏ ਲਿਖਿਆ ਹੈ ਕਿ ਉਹ ਫ਼ੌਜ, ਤਕਨੀਕ ਅਤੇ ਆਰਥਿਕ ਤਿੰਨਾਂ ਹੀ ਤਾਕਤਾਂ ਦਾ ਇਸਤੇਮਾਲ ਕਰ ਕੇ ਪੂਰੇ ਵਿਸ਼ਵ ਨੂੰ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦਾ ਹੈ। ਚੀਨ ਦੇ ਮੁੱਖ ਕਦਮ ਅਤੇ ਉਸ ਦੀਆਂ ਵੱਡੀਆਂ ਕੰਪਨੀਆਂ ਦਾ ਇਰਾਦਾ ਕੇਵਲ ਸੱਤਾ ਵਿਚ ਬੈਠੀ ਕਮਿਊਨਿਸਟ ਪਾਰਟੀ ਦੀ ਇੱਛਾ ਅਤੇ ਇਰਾਦਿਆਂ ਨੂੰ ਅੱਗੇ ਵਧਾਉਣਾ ਹੈ। ਚੀਨੀ ਕੰਪਨੀਆਂ ਅਮਰੀਕਾ ਦੀਆਂ ਕੰਪਨੀਆਂ ਨੂੰ ਹੌਲੀ-ਹੌਲੀ ਖ਼ਤਮ ਕਰਨ ਦੀ ਮਨਸ਼ਾ ਲੈ ਕੇ ਅੱਗੇ ਵੱਧ ਰਹੀਆਂ ਹਨ। ਡ੍ਰੈਗਨ ਦੀਆਂ ਇਨ੍ਹਾਂ ਕੋਸ਼ਿਸ਼ਾਂ ‘ਤੇ ਅਮਰੀਕੀ ਪ੍ਰਸ਼ਾਸਨ ਨੇ ਲਗਾਮ ਲਗਾਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਵਿਚ ਵੀ ਲਗਾਤਾਰ ਚੀਨ ਪ੍ਰਤੀ ਆਗਾਹ ਕੀਤਾ। ਜੋਅ ਬਾਇਡਨ ਵੀ ਚੀਨ ਦੀਆਂ ਗ਼ਲਤ ਨੀਤੀਆਂ ਦੇ ਵਿਰੋਧ ਵਿਚ ਹਨ ਅਤੇ ਉਨ੍ਹਾਂ ਦੇ ਇਰਾਦਿਆਂ ਨੂੰ ਅਮਰੀਕਾ ਅੱਗੇ ਵੀ ਸਫਲ ਨਹੀਂ ਹੋਣ ਦੇਵੇਗਾ।