ਅਮਰੀਕੀ ਅਦਾਲਤ ਨੇ ਮੁੰਬਈ ਹਮਲੇ ਵਿਚ ਭਗੌੜਾ ਐਲਾਨੇ ਪਾਕਿਸਤਾਨੀ ਮੂਲ ਦੇ ਕੈਨੇਡਾਈ ਵਪਾਰੀ ਤਹੱਵੁਰ ਰਾਣਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਡੇਵਿਡ ਕੋਲਮੈਨ ਹੇਡਲੀ ਦੇ ਬਚਪਨ ਦੇ ਦੋਸਤ 59 ਸਾਲਾ ਰਾਣਾ ਨੂੰ ਲਾਸ Âੈਂਜਲਜ਼ ਵਿਚ 10 ਜੂਨ ਨੂੰ ਭਾਰਤ ਵੱਲੋਂ ਮੁੰਬਈ ਅੱਤਵਾਦੀ ਹਮਲੇ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਮੁੜ ਤੋਂ ਹਿਰਾਸਤ ਵਿਚ ਲਿਆ ਗਿਆ ਸੀ। ਦੱਸ ਦੇਈਏ ਕਿ ਇਸ ਅੱਤਵਾਦੀ ਹਮਲੇ ਵਿਚ ਛੇ ਅਮਰੀਕੀਆਂ ਸਣੇ 166 ਲੋਕਾਂ ਦੀ ਜਾਨ ਗਈ ਸੀ।
ਤਹੱਵੁਰ ਰਾਣਾ ਮੂਲ ਰੂਪ ਵਿਚ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਉਹ ਦਸ ਸਾਲ ਸੈਨਾ ਦੀ ਮੈਡੀਕਲ ਕੋਰ ਵਿਚ ਕੰਮ ਕਰ ਚੁੱਕਾ ਹੈ। 2006 ਤੋਂ ਤਹੱਵੁਰ ਰਾਣਾ ਅਤੇ ਹੇਡਲੀ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਮੁੰਬਈ ਹਮਲੇ ਦੀ ਸਾਜਿਸ਼ ਰਚੀ ਸੀ ਅਤੇ 26 ਨਵੰਬਰ 2008 ਨੂੰ ਇਸ ਸਾਜਿਸ਼ ਨੂੰ ਅੰਜਾਮ ਦਿੱਤਾ ਸੀ। ਪਾਕਿਸਤਾਨੀ ਅਮਰੀਕੀ ਲਸ਼ਕਰ ਅੱਤਵਾਦੀ ਡੇਵਿਡ ਹੇਡਲੀ 2008 ਦੇ 26/11 ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਵਿਚ ਸ਼ਾਮਲ ਸੀ। ਉਹ ਇਸ ਮਾਮਲੇ ਵਿਚ ਸਰਕਾਰੀ ਗਵਾਹ ਬਣ ਗਿਆ ਸੀ ਅਤੇ ਫਿਲਹਾਲ ਉਹ ਹਮਲੇ ਵਿਚ ਆਪਣੀ ਭੂਮਿਕਾ ਲਈ ਅਮਰੀਕਾ ਦੀ ਜੇਲ੍ਹ ਵਿਚ 35 ਸਾਲ ਦੀ ਸਜ਼ਾ ਕੱਟ ਰਿਹਾ ਹੈ।