ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਦੀ ਸੰਘੀ ਅਪੀਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਕੈਪੀਟਲ ਹਿੰਸਾ ਮਾਮਲੇ ’ਚ ਟਰੰਪ ਖ਼ਿਲਾਫ਼ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ ਹੈ। ਪਹਿਲਾਂ ਤੋਂ ਹੀ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਟਰੰਪ ’ਤੇ ਹੁਣ ਕਾਰਵਾਈ ਹੋ ਸਕਦੀ ਹੈ। ਟਰੰਪ ਨੇ ਕੈਪੀਟਲ ਹਿੰਸਾ ਮਾਮਲੇ ’ਚ ਅਪੀਲ ਕੀਤੀ ਸੀ ਕਿ ਉਨ੍ਹਾਂ ਖ਼ਿਲਾਫ਼ ਦਰਜ ਮਾਮਲੇ ਨੂੰ ਖ਼ਾਰਜ ਕਰ ਦਿੱਤਾ ਜਾਵੇ। ਟਰੰਪ ਨੇ ਅਪੀਲ ’ਚ ਕਿਹਾ ਸੀ ਕਿ ਹਿੰਸਾ ਸਮੇਂ ਉਹ ਰਾਸ਼ਟਰਪਤੀ ਅਹੁਦੇ ’ਤੇ ਸਨ ਤੇ ਰਾਸ਼ਟਰਪਤੀ ਹੋਣ ਦੇ ਨਾਤੇ ਉਨ੍ਹਾਂ ਨੂੰ ਵਿਰੋਧੀ ਪਾਰਟੀ ਤੇ ਪੁਲਿਸ ਅਧਿਕਾਰੀਆਂ ਵੱਲੋਂ ਦਰਜ ਕਰਾਏ ਗਏ ਮੁਕੱਦਮੇ ਤੋਂ ਇਮਿਊਨਿਟੀ ਦਿੱਤੀ ਜਾਣੀ ਚਾਹੀਦੀ ਹੈ। ਤਿੰਨ ਜੱਜਾਂ ਦੇ ਪੈਨਲ ਨੇ ਕਿਹਾ ਹੈ ਕਿ ਟਰੰਪ 2024 ਦੀ ਚੋਣ ਲੜ ਸਕਦੇ ਹਨ ਪਰ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਚੱਲਦੀ ਰਹੇਗੀ।
ਦੱਸਣਯੋਗ ਹੈ ਕਿ 2020 ’ਚ ਅਮਰੀਕਾ ’ਚ ਹੋਏ ਰਾਸ਼ਟਰਪਤੀ ਚੋਣ ਦੇ ਨਤੀਜਿਆਂ ’ਚ ਤਤਕਾਲੀ ਰਾਸ਼ਟਰਪਤੀ ਟਰੰਪ ਦੀ ਹਾਰ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਕੈਪੀਟਲ ਹਿੱਲ ਦਾ ਘਿਰਾਓ ਕਰ ਲਿਆ ਸੀ। ਉਨ੍ਹਾਂ ਦੇ ਸਮਰਥਕਾਂ ਨੇ ਸੰਸਦ ਭਵਨ ’ਚ ਭੰਨਤੋੜ ਤੇ ਸਾੜਫੂਕ ਕੀਤੀ। 6 ਜਨਵਰੀ 2021 ਨੂੰ ਹੋਈ ਇਸ ਹਿੰਸਾ ’ਚ ਇਕ ਪੁਲਿਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਕਈ ਲੋਕਾਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਨੇ ਟਰੰਪ ’ਤੇ ਹਾਰ ਦੇ ਫ਼ੈਸਲੇ ਨੂੰ ਪਲਟਣ, ਬਗਾਵਤ ਭੜਕਾਉਣ, ਸਰਕਾਰੀ ਕਾਰਵਾਈ ’ਚ ਰੁਕਾਵਟ ਪਾਉਣ, ਸਾਜ਼ਿਸ਼ ਰਚਣ ਤੇ ਦੇਸ਼ ਨੂੰ ਧੋਖਾ ਦੇਣ ਵਰਗੇ ਦੋਸ਼ ਲਗਾਏ ਸਨ