ਵਾਸ਼ਿੰਗਟਨ: ਅਮਰੀਕਾ ‘ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਐਤਵਾਰ ਕਿਹਾ ਕਿ ਰਾਸ਼ਟਰਪਤੀ ਚੋਣ ‘ਚ ਰੂਸ ਦੀ ਦਖਲ ਅੰਦਾਜ਼ੀ ਨਾਲ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।
ਕਮਲਾ ਹੈਰਿਸ ਨੇ ਸੀਐਨਐਨ ਨੂੰ ਇਕ ਇੰਟਰਵਿਊ ‘ਚ ਦੱਸਿਆ ‘ਮੇਰੀ ਸਪਸ਼ਟ ਰਾਏ ਹੈ ਕਿ ਰੂਸ ਨੇ 2016 ‘ਚ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ‘ਚ ਦਖਲ ਦਿੱਤਾ ਸੀ, ਮੈਂ ਸੈਨੇਟ ਦੀ ਖੁਫੀਆ ਮਾਮਲਿਆਂ ਦੀ ਕਮੇਟੀ ‘ਚ ਰਹਿ ਚੁੱਕੀ ਹਾਂ। ਜੋ ਹੋਇਆ ਸੀ ਉਸ ਬਾਰੇ ਅਸੀਂ ਵਿਸਥਾਰ ‘ਚ ਰਿਪੋਰਟ ਪ੍ਰਕਾਸ਼ਿਤ ਕਰ ਚੁੱਕੇ ਹਾਂ।’
ਰਾਸ਼ਟਰਪਤੀ ਚੋਣ ‘ਚ ਰੂਸ ਦੇ ਦਖਲ ਨੂੰ ਲੈਕੇ ਇਲਜ਼ਾਮਾਂ ਬਾਰੇ ਇਕ ਸਵਾਲ ‘ਤੇ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ 2020 ਦੀ ਚੋਣ ‘ਚ ਵੀ ਵਿਦੇਸ਼ੀ ਦਖਲ ਦੇਵੇਗਾ ਅਤੇ ਇਸ ‘ਚ ਰੂਸ ਦੀ ਪਹਿਲੀ ਭੂਮਿਕਾ ਹੋਵੇਗੀ। ਜਦੋਂ ਸਵਾਲ ਕੀਤਾ ਗਿਆ ਕਿ ਕੀ ਇਸ ਨਾਲ ਰਾਸ਼ਟਰਪਤੀ ਚੋਣ ‘ਚ ਖਮਿਆਜ਼ਾ ਭੁਗਤਣਾ ਪਵੇਗਾ ਤਾਂ ਇਸ ਦੇ ਜਵਾਬ ‘ਚ ਹੈਰਿਸ ਨੇ ਕਿਹਾ, ਸਿਧਾਂਤਕ ਰੂਪ ‘ਚ ਕਹੀਏ ਤਾਂ ਨਿਸਚਿਤ ਤੌਰ ‘ਤੇ।
ਅਮਰੀਕਾ ‘ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਵੇਗੀ। ਡੈਮੋਕ੍ਰੇਟਿਕ ਪਾਰਟੀ ਵੱਲੋਂ ਜੋ ਬਿਡੇਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਰਿਪਬਲਿਕਨ ਪਾਰਟੀ ਵੱਲੋਂ ਡੌਨਲਡ ਟਰੰਪ ਦੂਜੀ ਵਾਰ ਕਿਸਮਤ ਅਜਮਾ ਰਹੇ ਹਨ।