ਸਾਨ ਫਰਾਂਸਿਸਕੋ, (ਆਈਏਐੱਨਐੱਸ) : ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਵਿਚਕਾਰ ਪਹਿਲੀ ਚੋਣ ਬਹਿਸ (ਪ੍ਰਰੈਜ਼ੀਡੈਂਸ਼ੀਅਲ ਡਿਬੇਟ) ਦੌਰਾਨ ਜਨਤਕ ਗੱਲਬਾਤ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੇ 130 ਈਰਾਨੀ ਅਕਾਊਂਟਾਂ ਨੂੰ ਟਵਿੱਟਰ ਨੇ ਹਟਾ ਦਿੱਤਾ ਹੈ। ਟਵਿੱਟਰ ਅਨੁਸਾਰ ਅਮਰੀਕੀ ਸੰਘੀ ਜਾਂਚ ਬਿਊਰੋ (ਐੱਫਬੀਆਈ) ਨੇ ‘ਇੰਟੇਲ ‘ਤੇ ਆਧਾਰਿਤ’ ਇਹ ਸੂਚਨਾ ਮੁਹੱਈਆ ਕਰਵਾਈ ਸੀ। ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਪਿੱਛੋਂ ਹਟਾਏ ਗਏ ਅਕਾਊਂਟ ਅਤੇ ਇਨ੍ਹਾਂ ਦੀ ਸਮੱਗਰੀ ਦੇ ਬਾਰੇ ਵਿਚ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ ਤੇ ਨਿਯਮ ਅਨੁਸਾਰ ਇਸ ਨੂੰ ਪ੍ਰਕਾਸ਼ਿਤ ਵੀ ਕੀਤਾ ਜਾਵੇਗਾ। ਵੈਸੇ ਇਨ੍ਹਾਂ ਅਕਾਊਂਟ ਨਾਲ ਜ਼ਿਆਦਾ ਲੋਕਾਂ ਦਾ ਲਗਾਅ ਨਹੀਂ ਸੀ ਤੇ ਇਸ ਨਾਲ ਜਨਤਕ ਗੱਲਬਾਤ ‘ਤੇ ਕੋਈ ਅਸਰ ਨਹੀਂ ਪਿਆ। ਪਿਛਲੇ ਮਹੀਨੇ, ਫੇਸਬੁੱਕ ਤੇ ਟਵਿੱਟਰ ਨੇ ਐੱਫਬੀਆਈ ਤੋਂ ਮਿਲੇ ਸੁਰਾਗ਼ ਰਾਹੀਂ ਇਕ ਅਜਿਹੇ ਨੈੱਟਵਰਕ ਦੀ ਪਛਾਣ ਕੀਤੀ ਸੀ ਜਿਸ ਦਾ ਸੰਪਰਕ ਰੂਸ ਦੀ ਸਰਕਾਰੀ ਮਸ਼ੀਨਰੀ ਨਾਲ ਹੈ। ਅਮਰੀਕੀ ਖ਼ੁਫ਼ੀਆ ਏਜੰਸੀਆਂ ਪਹਿਲੇ ਹੀ ਆਗਾਹ ਕਰ ਚੁੱਕੀਆਂ ਹਨ ਕਿ ਕਈ ਵਿਦੇਸ਼ੀ ਤਾਕਤਾਂ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਤਾਕ ਵਿਚ ਹਨ।