ਵਾਸ਼ਿੰਗਟਨ: ਅਮਰੀਕਾ ’ਚ ਰਾਸ਼ਟਰੀ ਚੋਣ ਨਤੀਜੇ ਬਹੁਤ ਦਿਲਚਸਪ ਮੋੜ ਉੱਤੇ ਪੁੱਜ ਚੁੱਕੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਜੋਅ ਬਾਇਡੇਨ ਵਿਚਾਲੇ ਸਖ਼ਤ ਟੱਕਰ ਚੱਲ ਰਹੀ ਹੈ। ਜੋਅ ਬਾਇਡੇਨ ਤੇ ਵ੍ਹਾਈਟ ਹਾਊਸ ਵਿਚਾਲੇ ਹੁਣ ਸਿਰਫ਼ 6 ਇਲੈਕਟ੍ਰੋਲ ਵੋਟਾਂ ਹੀ ਹਨ। ਇਨ੍ਹਾਂ ਛੇ ਇਲੈਕਟ੍ਰੋਲ ਵੋਟਾਂ ਦੀ ਪਿਛਲੇ ਲਗਪਗ 24 ਘੰਟਿਆਂ ਤੋਂ ਉਡੀਕ ਚੱਲ ਰਹੀ ਹੈ ਕਿਉਂਕਿ ਪੰਜ ਰਾਜਾਂ ਦੇ ਨਤੀਜੇ ਹਾਲੇ ਤੱਕ ਸਾਹਮਣੇ ਨਹੀਂ ਆਏ ਹਨ।
ਸੁਖਾਲੀ ਭਾਸ਼ਾ ’ਚ ਆਖੀਏ, ਤਾਂ ਬਾਇਡੇਨ ਦੇ ਖਾਤੇ ’ਚ 264 ਇਲੈਕਟੋਰਲ ਵੋਟ ਆ ਚੁੱਕੇ ਹਨ ਤੇ ਉਨ੍ਹਾਂ ਨੂੰ ਸਿਰਫ਼ ਛੇ ਵੋਟਾਂ ਚਾਹੀਦੀਆਂ ਹਨ ਕਿਉਂਕਿ ਵ੍ਹਾਈਟ ਹਾਊਸ ਤੱਕ ਪੁੱਜਣ ਲਈ 270 ਦਾ ਜਾਦੂਮਈ ਅੰਕੜਾ ਚਾਹੀਦਾ ਹੈ। ਇੰਝ ਜੋਅ ਬਾਇਡੇਨ ਨੂੰ ਹੁਣ ਵ੍ਹਾਈਟ ਹਾਊਸ ਪੁੱਜਣ ਲਈ ਸਿਰਫ਼ ਇੱਕ ਰਾਜ ਜਿੱਤਣ ਦੀ ਜ਼ਰੂਰਤ ਹੈ। ਟਰੰਪ ਨੂੰ 214 ਇਲੈਕਟ੍ਰੋਲ ਵੋਟ ਮਿਲੇ ਹਨ। ਇਹ ਉਨ੍ਹਾਂ ਲਈ ਇੱਕ ਝਟਕਾ ਹੈ ਕਿਉਂਕਿ ਉਹ ਵ੍ਹਾਈਟ ਹਾਊਸ ਦੀ ਦੌੜ ’ਚ ਪੱਛੜ ਗਏ ਹਨ।
‘ਫ਼ੌਕਸ ਨਿਊਜ਼’ ਮੁਤਾਬਕ ਹਾਲੇ ਪੈਨਸਿਲਵੇਨੀਆ, ਜਾਰਜੀਆ, ਨੌਰਥ ਕੈਰੋਲਾਈਨਾ, ਨੇਵਾਡਾ ਤੇ ਅਲਾਸਕਾ ਦੇ ਚੋਣ ਨਤੀਜੇ ਆਉਣੇ ਹਾਲੇ ਬਾਕੀ ਹਨ।
ਪੈਨਸਿਲਵੇਨੀਆ: ਸਭ ਦੀਆਂ ਨਜ਼ਰਾਂ ਇੱਕ ਵਾਰ ਫਿਰ ਪੈਨਸਿਲਵੇਨੀਆ ਉੱਤੇ ਟਿਕ ਗਈਆਂ ਹਨ, ਜਿੱਥੇ 20 ਇਲੈਕਟੋਰਲ ਵੋਟਾਂ ਹਨ। ਜੇ ਬਾਇਡੇਨ ਇਹ ਰਾਜ ਜਿੱਤ ਜਾਂਦੇ ਹਨ, ਤਾਂ ਅਸੀਂ ਆਖ ਸਕਦੇ ਹਾਂ ਕਿ ਉਹ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਇਸ ਰਾਜ ਵਿੱਚ ਬਾਇਡੇਨ ਨੂੰ ਹੁਣ ਤੱਕ 49.3 ਅਤੇ ਟਰੰਪ ਨੂੰ 49.6 ਫ਼ੀ ਸਦੀ ਵੋਟਾਂ ਮਿਲ ਚੁੱਕੀਆਂ ਹਨ। ਉੱਧਰ ਟਰੰਪ ਨੂੱ 32 ਲੱਖ 85 ਹਜ਼ਾਰ 965 ਤੇ ਬਾਇਡੇਨ ਨੂੰ 32 ਲੱਖ 67 ਹਜ਼ਾਰ 923 ਵੋਟਾਂ ਮਿਲੀਆਂ ਹਨ।
ਨੇਵਾਡਾ-6 ਇਲੈਕਟੋਰਲ ਵੋਟਾਂ ਵਾਲੇ ਇਸ ਰਾਜ ਵਿੱਚ ਬਾਇਡੇਨ ਨੂੰ ਹੁਣ ਤੱਕ 49.4 ਤੇ ਟਰੰਪ ਨੂੰ 48.5 ਫ਼ੀ ਸਦੀ ਵੋਟਾਂ ਮਿਲ ਚੁੱਕੀਆਂ ਹਨ। ਟਰੰਪ ਨੁੰ 5 ਲੱਖ 92 ਹਜ਼ਾਰ 813 ਅਤੇ ਬਾਇਡੇਨ ਨੂੰ 6 ਲੱਖ 4 ਹਜ਼ਾਰ 251 ਵੋਟਾਂ ਮਿਲੀਆਂ ਹਨ।
ਜਾਰਜੀਆ- 16 ਇਲੈਕਟੋਰਲ ਵੋਟਾਂ ਵਾਲੇ ਇਸ ਰਾਜ ਵਿੱਚ ਟਰੰਪ ਤੇ ਬਾਇਡੇਨ ਬਰਾਬਰੀ ’ਤੇ ਹਨ। ਦੋਵੇਂ ਆਗੂਆਂ ਨੂੰ 49.4 ਫ਼ੀ ਸਦੀ ਵੋਟਾਂ ਮਿਲ ਚੁੱਕੀਆਂ ਹਨ। ਟਰੰਪ ਨੁੰ 24 ਲੱਖ 48 ਹਜ਼ਾਰ 81 ਤੇ ਬਾਇਡੇਨ ਨੂੰ 24 ਲੰਖ 46 ਹਜ਼ਾਰ 814 ਵੋਟਾਂ ਮਿਲੀਆਂ ਹਨ।
ਨੌਰਥ ਕੈਰੋਲਾਈਨਾ-15 ਇਲੈਕਟੋਰਲ ਵੋਟਾਂ ਵਾਲੇ ਇਸ ਰਾਜ ਵਿੱਚ ਬਾਇਡੇਨ ਨੂੰ ਹੁਣ ਤੱਕ 48.7 ਅਤੇ ਟਰੰਪ ਨੂੰ 50.1 ਫ਼ੀਸਦੀ ਵੋਟਾਂ ਮਿਲ ਚੁੱਕੀਆਂ ਹਨ। ਟਰੰਪ ਨੂੰ 27 ਲੱਖ 32 ਹਜ਼ਾਰ 84 ਤੇ ਬਾਇਡੇਨ ਨੂੰ 26 ਲੱਖ 55 ਹਜ਼ਾਰ 384 ਵੋਟਾਂ ਮਿਲੀਆਂ ਹਨ।
ਅਲਾਸਕਾ-ਸਿਰਫ਼ ਤਿੰਨ ਇਲੈਕਟੋਰਲ ਵੋਟਾਂ ਵਾਲੇ ਇਸ ਸੂਬੇ ’ਚ ਬਾਇਡੇਨ ਨੂੰ ਹੁਣ ਤੱਕ 33.5 ਅਤੇ ਟਰੰਪ ਨੂੰ 62.1 ਫ਼ੀ ਸਦੀ ਵੋਟਾਂ ਮਿਲ ਚੁੱਕੀਆਂ ਹਨ। ਟਰੰਪ ਨੁੰ ਇੱਕ ਲੱਖ 18 ਹਜ਼ਾਰ 602 ਤੇ ਬਾਇਡੇਨ ਨੂੰ 63 ਹਜ਼ਾਰ 992 ਵੋਟਾਂ ਮਿਲੀਆਂ ਹਨ।
ਇੱਥੇ ਦੱਸ ਦੇਈਏ ਕਿ ਡੋਨਾਲਡ ਟਰੰਪ ਹੁਣ ਵੀ ਵੋਟਾਂ ਦੀ ਗਿਣਤੀ ਰੋਕਣ ਦੀ ਮੰਗ ਉੱਤੇ ਅੜੇ ਹੋਏ ਹਨ। ਉਨ੍ਹਾਂ ਟਵੀਟ ਕਰਦਿਆਂ ਕਿਹਾ ਹੈ ਕਿ ਗਿਣਤੀ ਨੂੰ ਰੋਕਿਆ ਜਾਵੇ। ਟਰੰਪ ਕੈਂਪ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਡੈਮੋਕ੍ਰੈਟਿਕ ਕੈਂਪ ਨੇ ਚੋਣਾਂ ਵਿੱਚ ਧੋਖਾਧੜੀ ਕੀਤਾ ਹੈ।