ਅਫ਼ਗਾਨਿਸਤਾਨ ‘ਚ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਆਪਣੇ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਆਪਣੇ ਵਿਰੋਧੀ ਨਾਰਦਨ ਅਲਾਇੰਸ ਦੇ ਗੜ੍ਹ ਪੰਚਸ਼ੀਰ ਦੀ ਘਾਟੀ ‘ਤੇ ਭਿਆਨਕ ਹਮਲਾ ਕੀਤਾ। ਪੰਚਸ਼ੀਰ ਘਾਟੀ ‘ਚ ਤਾਲਿਬਾਨ ਖ਼ਿਲਾਫ ਵਿਦਰੋਹ ਦਾ ਬਿਗੁਲ ਵਜਾਉਣ ਵਾਲੇ ਤਾਜਿਕ ਆਗੂ ਅਹਿਮਦ ਮਸੂਦ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਤਾਲਿਬਾਨ ਅੱਤਵਾਦੀਆਂ ਨੇ ਮੰਗਲਵਾਰ ਸ਼ਾਮ ਨੂੰ ਪੰਚਸ਼ੀਰ ਘਾਟੀ ‘ਚ ਉਨ੍ਹਾਂ ਦੀ ਇਕ ਚੌਕੀ ‘ਤੇ ਵੱਡਾ ਹਮਲਾ ਕੀਤਾ ਹੈ।
ਤਾਲਿਬਾਨ ਖ਼ਿਲਾਫ਼ ਲੜਾਈ ਲੜ ਰਹੇ ਨਾਰਦਨ ਅਲਾਇੰਸ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਦੀ ਰਾਤ ਨੂੰ ਤਾਲਿਬਾਨ ਦੇ ਲੜਾਕਿਆਂ ਨੇ ਪੰਚਸ਼ੀਰ ਘਾਟੀ ‘ਚ ਵੜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵੇਂ ਪਾਸਿਓਂ ਗੋਲ਼ੀਬਾਰੀ ਹੋਈ ਤੇ ਇਸ ਲੜਾਈ ‘ਚ ਤਾਲਿਬਾਨ ਦੇ 7-8 ਲੜਾਕੇ ਮਾਰੇ ਗਏ ਹਨ। ਨਾਰਦਨ ਅਲਾਇੰਸ ਮੁਤਾਬਕ ਉਨ੍ਹਾਂ ਦੇ ਵੀ ਦੋ ਲੜਾਕੇ ਇਸ ਲੜਾਈ ‘ਚ ਮਾਰ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਹਮਲਾ ਜਾਬੁਲ ਸਿਰਾਜ ਇਲਾਕੇ ‘ਚ ਹੋਇਆ ਹੈ ਜੋ ਪਰਵਾਨਾ ਸੂਬੇ ਦਾ ਹਿੱਸਾ ਹੈ।
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਨੇ ਪੂਰੇ ਮੁਲਕ ‘ਤੇ ਕਬਜ਼ਾ ਜਮ੍ਹਾ ਲਿਆ ਹੈ ਪਰ ਉਹ ਹਾਲੇ ਤਕ ਪੰਚਸ਼ੀਰ ਨੂੰ ਆਪਣੇ ਕਾਬੂ ‘ਚ ਨਹੀਂ ਕਰ ਸਕੇ ਹਨ। ਇੱਥੇ ਅਹਿਮਦ ਮਸੂਦ ਦੀ ਅਗਵਾਈ ‘ਚ ਨਾਰਦਨ ਅਲਾਇੰਸ ਦੇ ਲੜਾਕਿਆਂ ਨੇ ਤਾਲਿਬਾਨ ਖ਼ਿਲਾਫ਼ ਜੰਗ ਛੇੜੀ ਹੋਈ ਹੈ। ਤਾਲਿਬਾਨ ਨੇ ਪੰਚਸ਼ੀਰ ਘਾਟੀ ਨੂੰ ਚਾਰੇ ਪਾਸਿਓਂ ਘੇਰ ਰੱਖਿਆ ਹੈ ਤੇ ਇੰਟਰਨੈੱਟ ਨੂੰ ਬੰਦ ਕਰ ਦਿੱਤਾ ਹੈ ਤਾਂ ਜੋ ਅਹਿਮਦ ਸਮੂਦ ਦੇ ਸਮਰਥਕ ਦੁਨੀਆ ਨਾਲ ਸੰਪਰਕ ਨਾ ਕਰ ਸਕੇ।