ਚੀਨ ਨੇ ਵਿਵਾਦਿਤ ਦੱਖਣੀ ਚੀਨ ਸਾਗਰ ਚ ਆਪਣੇ ਦਾਅਵਿਆਂ ਵਾਲੇ ਦੀਪਾਂ ਨੇੜੇ ਅਮਰੀਕਾ ਦੇ ਦੋ ਜੰਗੀ ਬੇੜਿਆਂ ਦੇ ਆਉਣ ਤੇ ਸੋਮਵਾਰ ਨੂੰ ਇਤਰਾਜ ਪ੍ਰਗਟਾਇਆ। ਚੀਨ ਨੇ ਕਿਹਾ ਕਿ ਇਹ ਉਸ ਦੀ ਅਥਾਰਟੀ ਦੀ ਉਲੰਘਣਾ ਹੈ ਅਤੇ ਉਸ ਨੇ ਚੀਨ ਦੀ ਫ਼ੌਜ ਦੇ ਆਧੁਨੀਕਰਨ ਨੂੰ ਚਾਈਨਾ ਥ੍ਰੇਟ ਥਿਓਰੀ ਦੱਸਣ ਦੀ ਕੋਸ਼ਿਸ਼ ਤੇ ਪੈਂਟਾਗਨ ਦੀ ਇਕ ਰਿਪੋਰਟ ਦੀ ਵੀ ਨਿੰਦਾ ਕੀਤੀ।
ਅਮਰੀਕਾ ਦੇ ਮਿਸਾਈਲ ਚਲਾਉਣ ਵਾਲੇ ਜੰਗੀ ਬੇੜੇ ਪ੍ਰੀਬਲ ਅਤੇ ਚੁੰਗ ਹੂਨ ਸਪ੍ਰੈਟਲੀ ਦੀਪਾਂ ਚ ਗਾਵੇਨ ਅਤੇ ਜਾਨਸਨ ਰੀਫ਼ਸ ਦੇ 12 ਸਮੁੰਦਰੀ ਮੀਲ ਤੱਕ ਗਏ। ਚੀਨ ਸਪ੍ਰੈਟਲੀ ਦੀਪ ਨੂੰ ਨਾਂਨਸ਼ਾ ਕਹਿੰਦਾ ਹੈ। ਖੇਤਰ ਚੀਨ ਦੇ ਖੇਤਰੀ ਦਾਅਵਿਆਂ ’ਤੇ ਅਮਰੀਕਾ ਦੀ ਚੁਣੌਤੀ ਦੋਨਾਂ ਦੇਸ਼ਾਂ ਵਿਚਾਲੇ ਵੱਡੇ ਵਪਾਰਿਕ ਤਣਾਅ ਵਿਚਾਲੇ ਆਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਸ਼ੁੱਕਰਵਾਰ ਨੂੰ 200 ਅਰਬ ਡਾਲਰ ਦੇ ਚੀਨੀ ਸਾਮਾਨ ’ਤੇ ਦਰਾਮਦ ਟੈਕਸ ਵਧਾਉਣਗੇ ਕਿਉਂਕਿ ਗੱਲਬਾਤ ਬੇਹੱਦ ਹੋਲੀ ਚੱਲ ਰਹੀ ਹੈ।
ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੀ ਰਿਪੋਰਟ ਮੁਤਾਬਕ ਚੀਨ ਦੀ ਪਾਕਿਸਤਾਨ ਦੇ ਗਵਾਦਰ ਸਮੇਤ ਦੁਨੀਆ ਭਰ ਚ ਕਈ ਸਮੁੰਦਰੀ ਅੱਡਿਆਂ ਨੂੰ ਬਣਾਉਣ ਦੀ ਯੋਜਨਾ ਹੈ। ਜਦਕਿ ਚੀਨ ਨੇ ਇਸ ਨੂੰ ਬੇਬੁਨੀਆਦ, ਝੂਠਾ ਤੇ ਅਫ਼ਵਾਹ ਕਰਾਰ ਦਿੱਤਾ ਹੈ।