Fraud Gang arrested: ਲੁਧਿਆਣਾ ਵਿਖੇ ਤਿੰਨ ਲੱਖ ਰੁਪਏ ਲੈਕੇ 32 ਹਜ਼ਾਰ ਅਮਰੀਕੀ ਡਾਲਰ ਦੇਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਥਾਣਾ ਡਵੀਜ਼ਨ ਚਾਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਅਖਬਾਰ ਦੀ ਬਣਾਈ ਗੱਢੀ ਦੇ ਉਪਰ ਤੇ ਹੇਠਾਂ 20-20 ਅਮੇਰਿਕਨ ਡਾਲਰ ਲਗਾ ਕੇ ਆਪਣੇ ਸ਼ਿਕਾਰ ਨੂੰ ਫੜਾ ਦਿੰਦੇ ਸਨ ਅਤੇ ਫਿਰ ਉਸ ਦੇ ਬਦਲੇ ‘ਚ ਲੱਖਾਂ ਰੁਪਏ ਲੈ ਕੇ ਫਰਾਰ ਹੋ ਜਾਂਦੇ ਸਨ। ਉਹ ਹੁਣ ਤਕ 10 ਵਾਰਦਾਤਾਂ ਕਰ ਚੁੱਕੇ ਹਨ। ਦੋਵਾਂ ਖਿਲਾਫ ਕੇਸ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਥੋਂ ਉਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਏਡੀਸੀਪੀ-1 ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸਲੇਮ ਟਾਬਰੀ ਨਿਵਾਸੀ ਅਨਵਰ ਆਲਮ ਅਤੇ ਮੁਹੰਮਦ ਅਲੀ ਵਜੋਂ ਹੋਈ ਹੈ। ਦੋਵੇਂ ਮੂਲ ਤੌਰ ‘ਤੇ ਕੋਲਕਾਤਾ ਖਾਨਾਬਦੋਸ਼ ਭਾਈਚਾਰੇ ਤੋਂ ਹਨ। ਵੀਰਵਾਰ ਦੀ ਸ਼ਾਮ ਏਐੱਸਆਈ ਪ੍ਰੇਮ ਸਿੰਘ ਨੇ ਆਪਣੀ ਟੀਮ ਦੀ ਮਦਦ ਨਾਲ ਦੋਵਾਂ ਨੂੰ ਗਾਂਧੀ ਨਗਰ ਕਟ ਦੇ ਕੋਲ ਕਾਬੂ ਕੀਤਾ। ਉਨ੍ਹਾਂ ਦੇ ਕਬਜ਼ੇ ਤੋਂ 20-20 ਅਮੇਰਿਕਨ ਡਾਲਰ ਦੇ 9 ਨੋਟ ਬਰਾਮਦ ਹੋਏ। ਉਨ੍ਹਾਂ ਦੇ ਗਿਰੋਹ ‘ਚ ਅਜੇ ਤਿੰਨ ਹੋਰ ਵਿਅਕਤੀ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਐੱਸਐੱਚਓ ਸਤਵੰਤ ਸਿੰਘ ਨੇ ਦੱਸਿਆ ਕਿ ਦੋਵੇਂ ਲਗਭਗ ਇਕ ਮਹੀਨੇ ਤੋਂ ਸ਼ਹਿਰ ਵਿਚ ਸਰਗਰਮ ਹਨ। ਜਦੋਂ ਉਨ੍ਹਾਂ ਨੂੰ ਕਿਸੇ ਪੈਸੇ ਵਾਲੇ ਵਿਅਕਤੀ ਬਾਰੇ ਪਤਾ ਲੱਗਦਾ ਤਾਂ ਉਹ ਕਹਿੰਦੇ ਕਿ ਉਹ ਦੋਵੇਂ ਦਿੱਲੀ ਏਅਰਪੋਰਟ ‘ਤੇ ਕੰਮ ਕਰਦੇ ਹਨ। ਉਥੇ ਸਫਾਈ ਦੌਰਾਨ ਉਨ੍ਹਾਂ ਨੂੰ 32 ਹਜ਼ਾਰ ਅਮੇਰਿਕਨ ਡਾਲਰ ਮਿਲੇ ਹਨ ਜਿਸ ਨੂੰ ਉਹ 3 ਲੱਖ ਰੁਪਏ ‘ਚ ਦੇ ਦੇਣਗੇ। ਆਪਣੇ ਸ਼ਿਕਾਰ ਨੂੰ ਵਿਸ਼ਵਾਸ ਦਿਵਾਉਣ ਲਈ ਉਹ ਉਸ ਨੂੰ 20 ਅਮੇਰਿਕਨ ਡਾਲਰ ਦੇ ਕੇ ਚੈੱਕ ਕਰਾਉਣ ਅਤੇ ਬੈਂਕ ‘ਚ ਚਲਾਉਣ ਲਈ ਕਹਿੰਦੇ। ਕਿਉਂਕਿ ਡਾਲਰ ਅਸਲੀ ਹੁੰਦਾ, ਇਸ ਲਈ ਆਰਾਮ ਨਾਲ ਚੱਲ ਜਾਂਦਾ। ਉਨ੍ਹਾਂ ਦੀਆਂ ਗੱਲਾਂ ‘ਚ ਆਉਣ ਵਾਲੇ ਵਿਅਕਤੀ ਜਦੋਂ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਦਿੰਦੇ ਤਾਂ ਦੋਵੇਂ ਬਦਮਾਸ਼ ਉਸ ਦੇ ਹੱਥ ‘ਚ ਅਖਬਾਰ ਦੀ ਬਣਾਈ ਗੱਢੀ ਦੇ ਉਪਰ ਤੇ ਹੇਠਾਂ 20-20 ਅਮੇਰਿਕਨ ਡਾਲਰ ਲਗਾ ਕੇ ਉਸ ਨੂੰ ਫੜ੍ਹਾ ਕੇ ਫਰਾਰ ਹੋ ਜਾਂਦੇ।