ਵਾਸ਼ਿੰਗਟਨ: ਅਮਰੀਕੀ ਤੇ ਚੀਨ ਵਿਚਾਲੇ ਵਪਾਰਕ ਜੰਗੀ ਵਧਦੀ ਜਾ ਰਹੀ ਹੈ। ਦੋਵੇਂ ਦੇਸ਼ ਇੱਕ-ਦੂਜੇ ਦੇ ਵਪਾਰ ਨੂੰ ਪ੍ਰਭਵਿਤ ਕਰਨ ਲਈ ਟੈਕਸ ਵਧਾ ਰਹੇ ਹਨ। ਚੀਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਚੀਨੀ ਉਤਪਾਦਾਂ ’ਤੇ ਮੌਜੂਦਾ ਟੈਕਸ ਵਧਾਏ ਜਾਣਗੇ। ਇਸ ਤੋਂ ਪਹਿਲਾਂ ਚੀਨ ਨੇ ਬੀਤੇ ਦਿਨ ਅਮਰੀਕੀ ਉਤਪਾਦਾਂ ਦੀ ਬਰਾਮਦ ’ਤੇ 10 ਫ਼ੀਸਦ ਵਾਧੂ ਟੈਕਸ ਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਆਪਣੇ ਕਾਰੋਬਾਰੀਆਂ ਨੂੰ ਚੀਨ ਵਿੱਚੋਂ ਵਪਾਰ ਸਮੇਟਣ ਲਈ ਹੁਕਮ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਤੋਂ ਆਉਂਦੇ 250 ਅਰਬ (ਅਮਰੀਕੀ) ਡਾਲਰ ਦੇ ਉਤਪਾਦਾਂ, ਜਿਨ੍ਹਾਂ ’ਤੇ ਮੌਜੂਦਾ ਟੈਕਸ 25 ਫ਼ੀਸਦੀ ਹੈ, ਉੱਪਰ ਪਹਿਲੀ ਅਕਤੂਬਰ ਤੋਂ 30 ਫ਼ੀਸਦੀ ਟੈਕਸ ਲਾਇਆ ਜਾਵੇਗਾ। ਇਸ ਤੋਂ ਇਲਾਵਾ ਚੀਨ ਦੇ 300 ਅਰਬ (ਅਮਰੀਕੀ) ਡਾਲਰ ਦੇ ਬਾਕੀ ਉਤਪਾਦ, ਜਿਨ੍ਹਾਂ ’ਤੇ ਪਹਿਲੀ ਸਤੰਬਰ ਤੋਂ 10 ਫ਼ੀਸਦ ਟੈਕਸ ਲਾਇਆ ਜਾਣਾ ਸੀ, ਉੱਪਰ ਹੁਣ 15 ਫ਼ੀਸਦੀ ਟੈਕਸ ਲਾਇਆ ਜਾਵੇਗਾ।
ਇਸ ਬਿਆਨ ਵਿੱਚ ਟਰੰਪ ਵੱਲੋਂ ਬਾਕੀ ਮੁਲਕਾਂ ਨੂੰ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਈ ਵਰ੍ਹਿਆਂ ਤੋਂ ਚੀਨ ਤੇ ਬਹੁਤ ਸਾਰੇ ਹੋਰ ਮੁਲਕ ਵਪਾਰ ਤੇ ਬੌਧਿਕ ਸੰਪਤੀ ਦੀ ਚੋਰੀ ਸਮੇਤ ਹੋਰ ਮੁੱਦਿਆਂ ’ਤੇ ਅਮਰੀਕਾ ਦਾ ਫ਼ਾਇਦਾ ਚੁੱਕ ਰਹੇ ਹੈ। ਸਾਡਾ ਮੁਲਕ ਹਰ ਵਰ੍ਹੇ ਚੀਨ ਕਰਕੇ ਸੈਂਕੜੇ ਅਰਬ ਡਾਲਰ ਗੁਆ ਰਿਹਾ ਹੈ। ਇਸ ਵਰਤਾਰੇ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ।
ਯਾਦ ਰਹੇ ਦੋਵਾਂ ਮੁਲਕਾਂ ਵਿਚਾਲੇ ਵਪਾਰ ਜੰਗ ਦਾ ਅਸਰ ਪੂਰੀ ਦੁਨੀਆ ‘ਤੇ ਪੈ ਰਿਹਾ ਹੈ। ਇਸ ਨਾਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਡਾਵਾਂਡੋਲ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਵਪਾਰਕ ਜੰਗ ਫੌਜੀ ਜੰਗ ਵੱਲ ਵਧ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਰਕੇ ਦੁਨੀਆਂ ਦੇ ਦੇਸ਼ਾਂ ਵਿੱਚ ਗੁੱਟਬੰਦੀ ਵਧਦੀ ਜਾ ਰਹੀ ਹੈ।