ਬਗਦਾਦ: ਇਰਾਨ ਨੇ ਇਰਾਕ ‘ਚ ਇਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਇਰਾਕ ‘ਚ ਅਮਰੀਕੀ ਸੈਨਿਕ ਦੀ ਦੋ ਏਅਰਬੇਸਾਂ ‘ਤੇ ਕਰੀਬ ਇੱਕ ਦਰਜਨ ਮਿਜ਼ਾਈਲਾਂ ਦਾਗੀਆਂ। ਪੈਂਟਾਗਨ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਪੈਂਟਾਗਨ ਵੱਲੋਂ ਦਿੱਤੇ ਟਵੀਟ ‘ਚ ਲਿਖਿਆ ਗਿਆ ਹੈ, “7 ਜਨਵਰੀ ਨੂੰ ਇਰਾਨ ਨੇ ਇਰਾਕ ‘ਚ ਅਮਰੀਕੀ ਸੈਨਾ ਅਤੇ ਕੋਲੀਸ਼ਨ ਆਰਮੀ ਦੇ ਹਵਾਈ ਅੱਡਿਆਂ ‘ਤੇ ਇੱਕ ਦਰਜਨ ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਦਾਗ ਦਿੱਤੀਆਂ। ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸੁਲੇਮਣੀ ਦੀ ਮੌਤ ਤੋਂ ਬਾਅਦ ਪੂਰੇ ਪੱਛਮੀ ਏਸ਼ੀਆ ‘ਚ ਸਥਿਤੀ ਤਣਾਅਪੂਰਨ ਹੈ।
ਇਰਾਕ ‘ਚ ਅਮਰੀਕਾ ਦੇ ਤਿੰਨ ਠਿਕਾਣਿਆਂ ਇਰਬਿਲ, ਅਲ-ਅਸਦ ਅਤੇ ਤਾਜੀ ‘ਤੇ ਇਰਾਨ ਵੱਲੋਂ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ। ਇਰਾਨ ਨੇ ਫਿਰ ਅਮਰੀਕਾ ਨੂੰ ਵੱਡੀ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇ ਅਮਰੀਕਾ ਆਪਣੇ ਮਿਜ਼ਾਈਲ ਹਮਲਿਆਂ ਦਾ ਜਵਾਬ ਦਿੰਦਾ ਹੈ ਤਾਂ ਉਹ ਅਮਰੀਕਾ ‘ਚ ਘੁਸਪੈਠ ਕਰੇਗਾ। ਅਮਰੀਕਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੈਨਿਕਾਂ ਦੇ ਟ੍ਰੇਨਿੰਗ ਬੇਸ ‘ਤੇ ਇਰਾਨ ਤੋਂ ਮਿਜ਼ਾਈਲਾਂ ਨੇ ਹਮਲਾ ਕੀਤਾ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਇਰਾਨ ਤੋਂ ਹੋਏ ਹਮਲੇ ‘ਚ ਕਿੰਨੇ ਅਮਰੀਕੀ ਸੈਨਿਕ ਜ਼ਖਮੀ ਹੋਏ ਹਨ।
ਹਮਲੇ ਤੋਂ ਬਾਅਦ ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, ਇਰਾਨ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ ਆਰਟੀਕਲ 51 ਦੇ ਤਹਿਤ ਸਵੈ-ਰੱਖਿਆ ਲਈ ਇਹ ਕਦਮ ਚੁੱਕਿਆ, ਜੋ ਸਾਡੇ ਨਾਗਰਿਕਾਂ ਅਤੇ ਸੀਨੀਅਰ ਅਧਿਕਾਰੀਆਂ ‘ਤੇ ਕਾਇਰਤਾਪੂਰਣ ਹਮਲੇ ਦਾ ਜਵਾਬ ਸੀ।