ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਜਨਤਕ ਤੌਰ ‘ਤੇ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ। ਇਸ ਦਾ ਟੀਵੀ ਤੋਂ ਸਿੱਧਾ ਪ੍ਰਸਾਰਣ ਕੀਤਾ ਗਿਆ ਤਾਂਕਿ ਲੋਕਾਂ ਵਿਚ ਇਸ ਪ੍ਰਤੀ ਜਾਗਰੂਕਤਾ ਫੈਲ ਸਕੇ। ਬਾਇਡਨ ਨੇ ਕਿਹਾ ਕਿ ਉਹ ਜਨਤਕ ਤੌਰ ‘ਤੇ ਟੀਕਾ ਲਗਵਾ ਕੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਟੀਕਾ ਉਪਲੱਬਧ ਹੋਣ ‘ਤੇ ਉਨ੍ਹਾਂ ਨੂੰ ਟੀਕਾਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਵਿਚ ਚਿੰਤਤ ਹੋਣ ਵਾਲੀ ਕੋਈ ਗੱਲ ਨਹੀਂ ਹੈ।
ਡੈਲਾਵੇਅਰ ਵਿਚ ਕ੍ਰਿਸਟਿਆਨਾ ਕੇਅਰ ਹਸਪਤਾਲ ਵਿਚ ਨਰਸ ਨੇ ਬਾਇਡਨ ਨੂੰ ਕੋਰੋਨਾ ਵੈਕਸੀਨ ਦਾ ਪਹਿਲਾ ਡੋਜ਼ ਦਿੱਤਾ। ਇਸ ਵੈਕਸੀਨ ਨੂੰ ਫਾਈਜ਼ਰ ਅਤੇ ਬਾਇਓਐੱਨਟੇਕ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ਦੌਰਾਨ ਬਾਇਡਨ ਦੀ ਪਤਨੀ ਜਿਲ ਵੀ ਮੌਜੂਦ ਸੀ। ਉਨ੍ਹਾਂ ਨੂੰ ਬਾਇਡਨ ਤੋਂ ਪਹਿਲੇ ਵੈਕਸੀਨ ਦਿੱਤੀ ਗਈ। ਬਾਇਡਨ ਨੇ ਇਕ ਟਵੀਟ ਵਿਚ ਕਿਹਾ ਕਿ ਅੱਜ ਮੈਂ ਕੋਰੋਨਾ ਦਾ ਟੀਕਾ ਲਗਵਾਇਆ। ਉਨ੍ਹਾਂ ਵਿਗਿਆਨਕਾਂ ਅਤੇ ਖੋਜਕਰਤਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਉਣ ਲਈ ਅਣਥੱਕ ਮਿਹਨਤ ਕੀਤੀ। ਇਸ ਲਈ ਅਸੀਂ ਸਾਰੇ ਤੁਹਾਡੇ ਧੰਨਵਾਦੀ ਰਹਾਂਗੇ। ਅਮਰੀਕਾ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਦੋਂ ਵੀ ਟੀਕਾ ਮੌਜੂਦ ਹੋਵੇ, ਤੁਸੀਂ ਇਸ ਨੂੰ ਜ਼ਰੂਰ ਲਗਵਾਉ। ਉਧਰ, ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਵੀਟ ਕਰਕੇ ਕਿਹਾ ਕਿ ਬਾਇਡਨ ਨੇ ਜਨਤਕ ਤੌਰ ‘ਤੇ ਟੀਕਾ ਲਗਵਾ ਕੇ ਇਹ ਦਿਖਾ ਦਿੱਤਾ ਕਿ ਦੇਸ਼ ਦੀ ਅਗਵਾਈ ਕਿਵੇਂ ਹੋਣੀ ਚਾਹੀਦੀ ਹੈ। ਕਮਲਾ ਹੈਰਿਸ ਅਗਲੇ ਹਫ਼ਤੇ ਕੋਰੋਨਾ ਦਾ ਟੀਕਾ ਲਗਵਾਉਣਗੇ।