United States Donald Trump : ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊਯਾਰਕ ਦੀ ਇੱਕ ਅਦਾਲਤ ਵੱਲੋਂ 2 ਮਿਲੀਅਨ ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ । ਦਰਅਸਲ, ਸਾਲ 2016 ਵਿੱਚ ਟਰੰਪ ਵੱਲੋਂ ਆਪਣੇ ਚੈਰਿਟੀ ਫਾਊਂਡੇਸ਼ਨ ਦੀ ਰਾਸ਼ੀ ਨੂੰ ਸੰਸਦੀ ਚੋਣ ਪ੍ਰਚਾਰ ਵਿੱਚ ਖਰਚ ਕੀਤਾ ਗਿਆ ਸੀ । ਜਿਸਦੇ ਚੱਲਦਿਆਂ ਉਨ੍ਹਾਂ ਨੂੰ 2 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ । ਵੀਰਵਾਰ ਨੂੰ ਨਿਊਯਾਰਕ ਅਟਾਰਨੀ ਜਨਰਲ ਲੇਟੀਟੀਆ ਜੇਮਸ ਨੇ ਦੱਸਿਆ ਕਿ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਵੱਲੋਂ ਚੈਰਿਟੀ ਸੰਸਥਾਵਾਂ ਦੀ ਰਾਸ਼ੀ ਚੋਣ ਪ੍ਰਚਾਰ ਵਿੱਚ ਗਲਤ ਤਰੀਕੇ ਨਾਲ ਖਰਚ ਕੀਤੀ ਗਈ ਸੀ ।
ਜ਼ਿਕਰਯੋਗ ਹੈ ਕਿ ਜੂਨ 2018 ਵਿੱਚ ਟਰੰਪ ਫਾਊਂਡੇਸ਼ਨ ‘ਤੇ ਦੋਸ਼ ਲਗਾਇਆ ਗਿਆ ਸੀ ਕਿ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਵੱਲੋਂ ਇਹ ਰਾਸ਼ੀ ਨਿੱਜੀ, ਵਪਾਰਕ ਅਤੇ ਸਿਆਸੀ ਹਿੱਤਾਂ ਵਿੱਚ ਲਗਾਈ ਗਈ ਸੀ । ਜਿਸਨੂੰ ਟਰੰਪ ਵੱਲੋਂ ਸਵੀਕਾਰ ਵੀ ਕਰ ਲਿਆ ਗਿਆ ਸੀ ।
ਜਿਸ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜੱਜ ਸੈਲੀਅਨ ਸਕਰਾਪੁਲਾ ਨੇ ਫੈਸਲਾ ਸੁਣਾਉਂਦੇ ਹੋਏ ਆਦੇਸ਼ ਦਿੱਤਾ ਕਿ ਟਰੰਪ ਫਾਊਂਡੇਸ਼ਨ ਨੂੰ ਬੰਦ ਕਰ ਦਿੱਤਾ ਜਾਵੇ ਤੇ ਇਸ ਫਾਊਂਡੇਸ਼ਨ ਦੇ ਬਾਕੀ ਬਚੇ ਹੋਏ ਫੰਡ ਕਿਸੇ ਹੋਰ ਗੈਰ ਲਾਭਕਾਰੀ ਸੰਗਠਨਾਂ ਵਿੱਚ ਵੰਡ ਦਿੱਤੇ ਜਾਣ ।
ਦੱਸ ਦੇਈਏ ਕਿ ਇਹ ਮੁਕੱਦਮਾ ਅਟਾਰਨੀ ਜਨਰਲ ਜੇਮਸ ਵੱਲੋਂ ਦਾਇਰ ਕੀਤਾ ਗਿਆ ਸੀ । ਜਿਸ ਵਿੱਚ ਉਨ੍ਹਾਂ ਵੱਲੋਂ ਰਾਸ਼ਟਰਪਤੀ ਟਰੰਪ ‘ਤੇ 2.8 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਉਣ ਦੀ ਮੰਗ ਕੀਤੀ ਗਈ ਸੀ, ਪਰ ਜੱਜ ਸਕਰਾਪੁਲਾ ਵੱਲੋਂ ਟਰੰਪ ‘ਤੇ 20 ਲੱਖ ਡਾਲਰ ਦਾ ਜ਼ੁਰਮਾਨਾ ਹੀ ਲਗਾਇਆ ਗਿਆ ।