ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਉਨ੍ਹਾਂ ਖ਼ਬਰਾਂ ਨੂੰ ਖ਼ਾਰਜ ਕੀਤਾ ਕਿ ਉਹ ਮੰਗਲਵਾਰ ਨੂੰ ਚੋਣਾਂ ਖ਼ਤਮ ਹੋਣ ਦੇ ਬਾਅਦ ਸਮੇਂ ਤੋਂ ਪਹਿਲਾਂ ਹੀ ਜਿੱਤ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਉਨ੍ਹਾਂ ਚੋਣਾਂ ਖ਼ਤਮ ਹੁੰਦੇ ਹੀ ਕਾਨੂੰਨੀ ਲੜਾਈ ਦੇ ਸੰਕੇਤ ਦਿੱਤੇ ਹਨ।
ਦੱਸਣਯੋਗ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਟਰੰਪ ਚੋਣਾਂ ਵਾਲੀ ਰਾਤ ਸਮੇਂ ਤੋਂ ਪਹਿਲਾਂ ਆਪਣੀ ਜਿੱਤ ਦਾ ਐਲਾਨ ਕਰ ਸਕਦੇ ਹਨ। ਇਸ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਨਾਰਥ ਕੈਰੋਲਿਨਾ ਦੇ ਸ਼ਾਰਲੋਟੇ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਕਿਹਾ, ‘ਨਹੀਂ, ਇਹ ਗ਼ਲਤ ਖ਼ਬਰ ਹੈ। ਹਾਲਾਂਕਿ ਉਸੇ ਸਮੇਂ ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਟੀਮ ਚੋਣਾਂ ਵਾਲੀ ਰਾਤ ਨੂੰ ਹੀ ਕਾਨੂੰਨੀ ਲੜਾਈ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।’ ਟਰੰਪ ਨੇ ਕਿਹਾ, ‘ਇਹ ਖ਼ਤਰਨਾਕ ਗੱਲ ਹੈ ਕਿ ਚੋਣਾਂ ਖ਼ਤਮ ਹੋਣ ਦੇ ਬਾਅਦ ਬੈਲਟ ਪੇਪਰਾਂ ਨੂੰ ਇਕੱਠਾ ਕੀਤਾ ਜਾਵੇ। ਮੈਨੂੰ ਲੱਗਦਾ ਹੈ ਕਿ ਇਹ ਖ਼ਤਰਨਾਕ ਗੱਲ ਹੈ ਕਿ ਜਦੋਂ ਲੋਕਾਂ ਜਾਂ ਸੂਬਿਆਂ ਨੂੰ ਚੋਣਾਂ ਖ਼ਤਮ ਹੋਣ ਦੇ ਬਾਅਦ ਲੰਬੇ ਸਮੇਂ ਲਈ ਬੈਲਟ ਪੇਪਰਾਂ ਨੂੰ ਜਮ੍ਹਾਂ ਕਰਨ ਦੀ ਇਜਾਜ਼ਤ ਹੋਵੇ। ਇਸ ਨਾਲ ਸਿਰਫ਼ ਇਕ ਹੀ ਚੀਜ਼ ਹੋ ਸਕਦੀ ਹੈ।’ ਰਾਸ਼ਟਰਪਤੀ ਨੇ ਸਖ਼ਤ ਮੁਕਾਬਲੇ ਵਾਲੇ ਸੂਬਿਆਂ ਦੇ ਕਈ ਵੋਟਿੰਗ ਖੇਤਰਾਂ ‘ਚ ਚੋਣਾਂ ਵਾਲੇ ਦਿਨ ਦੇ ਬਾਅਦ ਬੈਲਟ ਪੇਪਰ ਹਾਸਲ ਕੀਤੇ ਜਾਣ ਦੀ ਇਜਾਜ਼ਤ ਦੇਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ, ‘ਅਸੀਂ ਚੋਣਾਂ ਹੁੰਦੇ ਹੀ ਉਸੇ ਰਾਤ ਆਪਣੇ ਵਕੀਲਾਂ ਨਾਲ ਤਿਆਰ ਰਹਾਂਗੇ। ਮੈਨੂੰ ਲੱਗਦਾ ਹੈ ਕਿ ਇਹ ਇਕ ਵੱਡਾ ਖ਼ਤਰਾ ਹੈ ਤੇ ਆਦੇਸ਼ ਦੀ ਵੱਡੇ ਪੱਧਰ ‘ਤੇ ਦੁਰਵਰਤੋਂ ਹੋ ਸਕਦੀ ਹੈ। ਇਹ ਖ਼ਤਰਨਾਕ ਗੱਲ ਹੈ ਕਿ ਅਸੀਂ ਕੰਪਿਊਟਰ ਦੇ ਆਧੁਨਿਕ ਜ਼ਮਾਨੇ ‘ਚ ਵੀ ਚੋਣਾਂ ਵਾਲੀ ਰਾਤ ਹੀ ਨਤੀਜੇ ਨਹੀਂ ਪਤਾ ਕਰ ਸਕਦੇ।’
ਟਰੰਪ ਬੋਲੇ, ਚੀਨ ਨੇ ਜੋ ਕੀਤਾ ਉਸ ਨੂੰ ਨਹੀਂ ਭੁੱਲ ਸਕਦੇ
ਕੋਰੋਨਾ ਮਹਾਮਾਰੀ ਨੂੰ ਲੈ ਕੇ ਟਰੰਪ ਨੇ ਇਕ ਵਾਰੀ ਮੁੜ ਚੀਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਜੋ ਕੀਤਾ, ਉਸ ਨੂੰ ਅਮਰੀਕਾ ਕਦੇ ਨਹੀਂ ਭੁੱਲ ਸਕਦਾ। ਉਸ ਨੇ ਅਮਰੀਕਾ ਦੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਹੈ। ਉਧਰ, ਟਰੰਪ ਨੇ ਦੇਸ਼ ਦੀ ਸਭ ਤੋਂ ਵੱਡੇ ਇਨਫੈਕਟਿਡ ਬਿਮਾਰੀ ਮਾਹਿਰ ਡਾ. ਐਂਥਨੀ ਫਾਕੀ ਨੂੰ ਹਟਾਉਣ ਦੇ ਸੰਕੇਤ ਦਿੱਤੇ ਹਨ।