ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ‘ਚ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕ 19 ਅਪ੍ਰੈਲ ਤੋਂ ਕੋਵਿਡ-19 ਵੈਕਸੀਨ ਲਗਵਾਉਣ ਲਈ ਯੋਗ ਹੋ ਜਾਣਗੇ। ਨਿਊਜ਼ ਏਜੰਸੀ ਸ਼ਿਨਹੁਆ ਦੀ ਰਿਪੋਰਟ ਅਨੁਸਾਰ, ਬਾਇਡਨ ਨੇ ਐਲੈਕਜ਼ੈਂਡਰੀਆ, ਵਰਜ਼ੀਨੀਆ ‘ਚ ਇਕ ਟੀਕਾਕਰਨ ਸੈਂਟਰ ਦਾ ਦੌਰਾ ਕੀਤਾ ਤੇ ਉੱਥੇ ਹੀ ਉਨ੍ਹਾਂ 19 ਅਪ੍ਰੈਲ ਤੋਂ ਸਾਰੇ ਬਾਲਗਾਂ ਨੂੰ ਵੈਕਸੀਨ ਲਗਵਾਉਣ ਦੀ ਇਜਾਜ਼ਤ ਦੇ ਦਿੱਤੀ। ਦੱਸ ਦੇਈਏ ਕਿ ਪਹਿਲਾਂ 1 ਮਈ ਦੀ ਤਰੀਕ ਨਿਰਧਾਰਤ ਸੀ, ਪਰ ਉਨ੍ਹਾਂ ਲਗਪਗ ਦੋ ਹਫ਼ਤੇ ਪਹਿਲਾਂ ਹੀ ਵੈਕਸੀਨੇਸ਼ਨ ਸ਼ੁਰੂ ਕਰਨ ਦੀ ਹਦਾਇਤ ਦੇ ਦਿੱਤੀ।
ਬਾਇਡਨ ਨੇ ਕਿਹਾ ਕਿ ਵੈਕਸੀਨ ਦੀਆਂ 150 ਮਿਲੀਅਨ (1.5 ਕਰੋੜ) ਡੋਜ਼, ਉਨ੍ਹਾਂ ਦੇ ਪਹਿਲੇ 75 ਦਿਨਾਂ ਦੇ ਕਾਰਜਕਾਲ ਦੌਰਾਨ ਸੀਨੀਅਰ ਨਾਗਰਿਕਾਂ ਨੂੰ ਦਿੱਤੀਆਂ ਗਈਆਂ। ਇਸ ਦੌਰਾਨ 75 ਫ਼ੀਸਦ ਸੀਨੀਅਰ ਨਾਗਰਿਕਾਂ ਨੂੰ ਘੱਟੋ-ਘੱਟ ਇਕ ਖ਼ੁਰਾਕ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਦੋਂ ਉਹ 100 ਦਿਨ ਦਾ ਕਾਰਜਕਾਲ ਪੂਰਾ ਕਰਨਗੇ, ਉਦੋਂ ਤਕ ਉਹ 200 ਮਿਲੀਅਨ (ਦੋ ਕਰੋੜ) ਦੇ ਟੀਕਾਕਰਨ ਦੇ ਅੰਕੜੇ ਨੂੰ ਪਾਰ ਕਰ ਦੇਣਗੇ।
ਬਾਇਡਨ ਨੇ ਅਮਰੀਕੀਆਂ ਨੂੰ ਮਹਾਮਾਰੀ ਸੁਰੱਖਿਆ ਉਪਰਾਲਿਆਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ, ਕਿਹਾ ਕਿ ਦੇਸ਼ ਹਾਲੇ ਇਸ ਬਿਮਾਰੀ ਨੂੰ ਹਰਾ ਨਹੀਂ ਸਕਿਆ ਹੈ ਤੇ 4 ਜੁਲਾਈ ਤੋਂ ਪਹਿਲਾਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਹਫ਼ਤੇ ਪਹਿਲਾਂ, ਬਾਇਡਨ ਨੇ ਦੋ ਸੂਬਿਆਂ ਤੇ ਖੇਤਰਾਂ ‘ਚ ਕਿਹਾ ਸੀ ਕਿ ਉਹ ਸਾਰੇ ਅਮਰੀਕੀ ਬਾਲਗਾਂ ਨੂੰ ਇਕ ਮਈ ਤੋਂ ਪਹਿਲਾਂ ਟੀਕਾਕਰਨ ਲਈ ਤਿਆਰ ਕਰਨ।
