ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ‘ਚ ਆਪਣੇ ਸੰਬੋਧਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ। ਲੋਕਾਂ ਤੋਂ ਭਰੇ ਸਟੇਡੀਅਮ ‘ਚ ਅਮਰੀਕੀ ਰਾਸ਼ਟਰਪਤੀ ਨੇ ਵਿਸ਼ਵ ਕ੍ਰਿਕਟ ਵਿਚ ਭਾਰਤ ਨੂੰ ਮਸ਼ਹੂਰ ਕਰਨ ਵਾਲੇ ਭਾਰਤੀ ਕ੍ਰਿਕਟ ਸਿਤਾਰਿਆਂ ਦਾ ਨਾਮ ਲਿਆ। ਇੱਕ ਲੱਖ 10 ਹਜ਼ਾਰ ਤੋਂ ਵੱਧ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਨੂੰ ਭਰਿਆ ਵੇਖ ਕੇ ਟਰੰਪ ਬਹੁਤ ਖ਼ੁਸ਼ ਹੋਏ। ਉਨ੍ਹਾਂ ਕਿਹਾ ਕਿ ਅੱਜ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ‘ਚ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡਾ ਸਵਾਗਤ ਕੀਤਾ, ਭਾਰਤ ਅੱਜ ਤੋਂ ਸਾਡਾ ਸਭ ਤੋਂ ਮਹੱਤਵਪੂਰਣ ਦੋਸਤ ਬਣ ਜਾਵੇਗਾ। ਭਾਰਤੀ ਕ੍ਰਿਕਟ ਦੇ ਸਿਤਾਰਿਆਂ ਦਾ ਜ਼ਿਕਰ ਕਰਦਿਆਂ ਟਰੰਪ ਨੇ ਕਿਹਾ ਕਿ ਭਾਰਤ ਨੇ ਸਚਿਨ ਤੇਂਦੁਲਕਰ ‘ਤੇ ਵਿਰਾਟ ਕੋਹਲੀ ਵਰਗੇ ਵਿਸ਼ਵ ਦੇ ਵੱਡੇ ਖਿਡਾਰੀ ਦਿੱਤੇ ਹਨ। ਜਿਵੇਂ ਹੀ ਟਰੰਪ ਵੱਲੋਂ ਸਚਿਨ ‘ਤੇ ਵਿਰਾਟ ਦਾ ਨਾਂ ਲਿਆ ਗਿਆ, ਉੱਦਾਂ ਹੀ ਸਟੇਡੀਅਮ ‘ਚ ਮੌਜੂਦ ਲੋਕਾਂ ਨੇ ਟਰੰਪ ਦੇ ਇਸ ਸੰਬੋਧਨ ਦਾ ਤਾੜੀਆਂ ਨਾਲ ਸਵਾਗਤ ਕੀਤਾ। ਸਚਿਨ ਨੇ ਆਪਣੇ 24 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਵਿਸ਼ਵ ਕ੍ਰਿਕਟ ਦਾ ਦਬਦਬਾ ਬਣਾਇਆ। ਉਹ ਅੰਤਰਰਾਸ਼ਟਰੀ ਕ੍ਰਿਕਟ ‘ਚ 100 ਸੈਂਕੜੇ ਲਗਾਉਣ ਵਾਲਾ ਇਕਮਾਤਰ ਕ੍ਰਿਕਟਰ ਹਨ। ਦੂਜੇ ਪਾਸੇ ਵਿਸ਼ਵ ਦੇ ਨੰਬਰ -1 ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਲਗਾਤਾਰ ਆਪਣੀਆਂ ਪ੍ਰਾਪਤੀਆਂ ਨਾਲ ਇਕ ਖ਼ਾਸ ਜਗ੍ਹਾ ਬਣਾਈ ਹੈ। ਅਹਿਮਦਾਬਾਦ ਦੇ ਮੋਟੇਰਾ ‘ਚ ਸਥਿਤ ਸਰਦਾਰ ਪਟੇਲ ਸਟੇਡੀਅਮ ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ। ਇਸ ਦੇ ਬੈਠਣ ਦੀ ਸਮਰੱਥਾ 1 ਲੱਖ 10 ਹਜ਼ਾਰ ਲੋਕਾਂ ਦੀ ਹੈ। ਇਸ ਸਟੇਡੀਅਮ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਉਣ ਨਾਲ ਕ੍ਰਿਕਟ ਜਗਤ ਵਿੱਚ ਵੀ ਹਲਚਲ ਹੈ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਅਮਰੀਕਾ ਦੋਸਤੀ ਦੇ ਨਾਲ-ਨਾਲ ਵਪਾਰ ਦੇ ਖੇਤਰ ‘ਚ ਅੱਗੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ‘ਤੇ ਮੇਲਾਨੀਆ ਅੱਜ ਮਹਾਤਮਾ ਗਾਂਧੀ ਆਸ਼ਰਮ ਗਏ ਜਿਥੇ ਗਾਂਧੀ ਨੇ ਨਮਕ ਅੰਦੋਲਨ ਦੀ ਸ਼ੁਰੂਆਤ ਕੀਤੀ। ਅੱਜ ਅਸੀਂ ਤਾਜ ਮਹਿਲ ਦਾ ਵੀ ਦੌਰਾ ਕਰਾਂਗੇ।