ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ਨੀਵਾਰ (ਸਥਾਨਕ ਸਮੇਂ) ਨੂੰ ਚਿਤਾਵਨੀ ਦਿੱਤੀ ਕਿ ਕਾਬੁਲ ਹਵਾਈ ਅੱਡੇ ‘ਤੇ ਅਗਲੇ 24 ਤੋਂ 36 ਘੰਟਿਆਂ ਵਿਚ ਇਕ ਹੋਰ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ ਹੈ। ਜੋਅ ਬਾਇਡਨ ਨੇ ਇਕ ਬਿਆਨ ਵਿਚ ਕਿਹਾ ਕਿ ਕਾਬੁਲ ਵਿਚ ਸਥਿਤੀ ਬੇਹੱਦ ਖ਼ਤਰਨਾਕ ਬਣੀ ਹੋਈ ਹੈ ਅਤੇ ਹਵਾਈ ਅੱਡਾ ਅੱਤਵਾਦੀ ਹਮਲਿਆਂ ਦੇ ਖ਼ਤਰੇ ਵਿਚ ਰਹਿੰਦਾ ਹੈ। ਸਾਡੇ ਕਮਾਂਡਰਾਂ ਨੇ ਮੈਨੂੰ ਸੂਚਿਤ ਕੀਤਾ ਕਿ ਅਗਲੇ 24 ਤੋਂ 36 ਘੰਟਿਆਂ ਵਿਚ ਹਮਲੇ ਦੀ ਸੰਭਾਵਨਾ ਹੈ।
ਬਾਇਡਨ ਦੀ ਇਹ ਟਿੱਪਣੀ ਵੀਰਵਾਰ ਨੂੰ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਹਮਲੇ ਵਿਚ ਇਕ ਆਤਮਘਾਤੀ ਹਮਲਾਵਰ ਅਤੇ ਕਈ ਆਈਐਸਆਈਐਸ-ਖੋਰਾਸਾਨ ਬੰਦੂਕਧਾਰੀਆਂ ਦੇ ਹਮਲੇ ਵਿਚ 13 ਅਮਰੀਕੀ ਸੈਨਿਕਾਂ ਅਤੇ ਘੱਟੋ ਘੱਟ 169 ਅਫ਼ਗਾਨ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਆਈ ਹੈ।
ਇਕ ਹੋਰ ਅੱਤਵਾਦੀ ਹਮਲੇ ਦੀ ਚਿਤਾਵਨੀ ਦਿੰਦੇ ਹੋਏ, ਜੋਅ ਬਾਇਡਨ ਨੇ ਆਪਣੇ ਬਿਆਨ ਵਿਚ ਕਿਹਾ, “ਅੱਜ ਸਵੇਰੇ ਮੈਂ ਵਾਸ਼ਿੰਗਟਨ ਵਿਚ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਅਤੇ ਮੇਰੇ ਕਮਾਂਡਰਾਂ ਨਾਲ ਮੁਲਾਕਾਤ ਕੀਤੀ। ਅਸੀਂ ਅਫ਼ਗਾਨਿਸਤਾਨ ਵਿਚ ਅੱਤਵਾਦੀ ਸਮੂਹ ISIS-K ਦੇ ਵਿਰੁੱਧ ਅਮਰੀਕੀ ਫੌਜ ਦੁਆਰਾ ਬੀਤੀ ਰਾਤ ਕੀਤੇ ਗਏ ਹਮਲੇ ਬਾਰੇ ਚਰਚਾ ਕੀਤੀ। ਮੈਂ ਕਿਹਾ ਕਿ ਅਸੀਂ ਇਸਦੇ ਲਈ ਜ਼ਿੰਮੇਵਾਰ ਸਮੂਹ ਦੇ ਪਿੱਛੇ ਜਾਵਾਂਗੇ। ਕਾਬੁਲ ਵਿਚ ਸਾਡੇ ਸੈਨਿਕਾਂ ਅਤੇ ਨਿਰਦੋਸ਼ ਨਾਗਰਿਕਾਂ ‘ਤੇ ਹੋਏ ਹਮਲੇ ਦਾ ਪੂਰੀ ਤਰ੍ਹਾਂ ਬਦਲਾ ਲਿਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ, ‘ਅਮਰੀਕਾ ਵੱਲੋਂ ਕੀਤਾ ਗਿਆ ਇਹ ਹਮਲਾ ਆਖ਼ਰੀ ਨਹੀਂ ਸੀ। ਅਸੀਂ ਉਸ ਘਿਨਾਉਣੇ ਹਮਲੇ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਲੱਭਣਾ ਅਤੇ ਮਾਰਨਾ ਜਾਰੀ ਰੱਖਾਂਗੇ। ਜਦੋਂ ਵੀ ਕੋਈ ਅਮਰੀਕਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਸਾਡੇ ਸੈਨਿਕਾਂ ‘ਤੇ ਹਮਲ ਕਰਦਾ ਹੈ, ਅਸੀਂ ਕਰਾਰਾ ਜਵਾਬ ਦੇਵਾਂਗੇ। ਇਸ ‘ਤੇ ਕਦੇ ਸ਼ੱਕ ਨਹੀਂ ਹੋਵੇਗਾ।’
ਅਖ਼ੀਰ ਵਿਚ ਰਾਸ਼ਟਰਪਤੀ ਨੇ ਉਨ੍ਹਾਂ ਅਮਰੀਕੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜੋ ਪਿਛਲੇ ਦਿਨੀਂ ਕਾਬੁਲ ਹਵਾਈ ਅੱਡੇ ਹਮਲੇ ਵਿਚ ਮਾਰੇ ਗਏ ਸਨ। ਬਾਇਡਨ ਨੇ ਕਿਹਾ ਕਿ 13 ਸੈਨਿਕ ਜੋ ਅਸੀਂ ਗੁਆਏ ਉਹ ਨਾਇਕ ਸਨ ਜਿਨ੍ਹਾਂ ਨੇ ਸਾਡੇ ਉੱਚਤਮ ਅਮਰੀਕੀ ਆਦਰਸ਼ਾਂ ਦੀ ਸੇਵਾ ਅਤੇ ਦੂਜਿਆਂ ਦੀ ਜਾਨ ਬਚਾਉਣ ਲਈ ਆਖ਼ਰੀ ਕੁਰਬਾਨੀ ਦਿੱਤੀ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕਾਬੁਲ ਵਿਚ ਖ਼ਤਰਨਾਕ ਸਥਿਤੀ ਦੇ ਬਾਵਜੂਦ ਅਸੀਂ ਨਾਗਰਿਕਾਂ ਨੂੰ ਕੱਢਣਾ ਜਾਰੀ ਰੱਖ ਰਹੇ ਹਾਂ। ਕੱਲ੍ਹ ਅਸੀਂ ਸੈਂਕੜੇ ਅਮਰੀਕੀਆਂ ਸਮੇਤ 6,800 ਹੋਰਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ।