ਅਮਰੀਕਾ ਦੀ ਸੰਸਦ (ਕੈਪੀਅਲ ਹਿਲ) ‘ਤੇ ਛੇ ਜਨਵਰੀ ਨੂੰ ਹੋਏ ਹਮਲੇ ਦੇ ਛੇ ਮਹੀਨੇ ਬਾਅਦ ਵੀ ਹਮਲਾਵਰਾਂ ਦੀ ਤਲਾਸ਼ ਪੂੁਰੀ ਨਹੀਂ ਹੋ ਸਕੀ ਹੈ। ਹਮਲੇ ਦੇ ਤੁਰੰਤ ਬਾਅਦ ਪੰਜ ਸੌ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀ ਹਾਲੇ ਕਈ ਹਮਲਾਵਰਾਂ ਨੂੰ ਨਿਆਂ ਵਿਭਾਗ ਤਲਾਸ਼ ਕਰ ਰਿਹਾ ਹੈ।
ਇਸ ਦੰਗੇ ਤੋਂ ਬਾਅਦ ਅਤਿ ਉਤਸ਼ਾਹ ‘ਚ ਆ ਕੇ ਹਮਲਾਵਰਾਂ ਨੇ ਕਈ ਫੋਟੋ ਤੇ ਵੀਡੀਓ ਇੰਟਰਨੈੱਟ ਮੀਡੀਆ ‘ਤੇ ਸਾਂਝੇ ਕੀਤੇ ਸਨ। ਉਸ ਦੌਰਾਨ ਪੁਲਿਸ ਤੇ ਖ਼ੁਫ਼ੀਆ ਏਜੰਸੀਆਂ ਨੂੰ ਮੁੱਢਲੇ ਤੌਰ ‘ਤੇ ਗਿ੍ਫ਼ਤਾਰ ਕਰਨ ‘ਚ ਕੋਈ ਦਿੱਕਤ ਨਹੀਂ ਆਈ। ਪਰ ਛੇ ਮਹੀਨੇ ਹੋਣ ਤੋਂ ਬਾਅਦ ਹਾਲੇ ਵੀ ਕਈ ਹਮਲਾਵਰ ਪਕੜ ਤੋਂ ਬਾਹਰ ਹਨ। ਐੱਫਬੀਆਈ ਦੀ ਸਾਈਟ ‘ਤੇ ਕੈਪੀਟਲ ਹਿਲ ਹਿੰਸਾ ‘ਚ ਸ਼ਾਮਲ ਲੋਕਾਂ ਦੀ ਤਲਾਸ਼ ਲਈ ਹਾਲੇ ਵੀ ਤਿੰਨ ਸੌ ਲੋਕਾਂ ਦੀਆਂ ਨੌ ਸੌ ਤੋਂ ਵੱਧ ਤਸਵੀਰਾਂ ਪਈਆਂ ਹੋਈਆਂ ਹਨ। ਜਿਨ੍ਹਾਂ ਨੂੰ ਤਲਾਸ਼ ਕੀਤਾ ਜਾਣਾ ਹੈ।
ਐੱਫਬੀਆਈ ਨੂੰ ਹਿੰਸਾ ਤੋਂ ਬਾਅਦ ਜਨਤਾ ਤੋਂ ਅਣਗਿਣਤ ਜਾਣਕਾਰੀਆਂ ਮਿਲੀਆਂ ਸਨ। ਉਸ ਤੋਂ ਬਾਅਦ ਵੀ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਇਨ੍ਹਾਂ ‘ਚੋਂ ਕਈ ਹਮਲਾਵਰ ਅਜਿਹੇ ਹਨ, ਜਿਨ੍ਹਾਂ ਨੂੰ ਤਸਵੀਰਾਂ ‘ਚ ਸਿੱਧੇ ਤੌਰ ‘ਤੇ ਸੁਰੱਖਿਆ ਅਧਿਕਾਰੀਆਂ ‘ਤੇ ਹਮਲਾ ਕਰਦੇ ਦੇਖਿਆ ਗਿਆ। ਉਨ੍ਹਾਂ ਨੂੰ ਵੀ ਪੁਲਿਸ ਤੇ ਜਾਂਚ ਏਜੰਸੀ ਗ੍ਰਿਫ਼ਤਾਰ ਨਹੀਂ ਕਰ ਸਕੀਆਂ ਹਨ।