ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਵਧਣ ਦੇ ਨਾਲ ਹੀ ਸਾਈਬਰ ਹਮਲਾਵਰ ਫਿਰ ਤੇਜ਼ੀ ਨਾਲ ਸਰਗਰਮ ਹੋ ਗਏ ਹਨ। ਇਹ ਅਪਰਾਧੀ ਅਮਰੀਕਾ ਦੇ ਹਸਪਤਾਲਾਂ ਤੇ ਸਿਹਤ ਸੇਵਾਵਾਂ ਦੇ ਨੈੱਟਵਰਕ ਵਿਚ ਦਾਖਲ ਹੋ ਕੇ ਗੰਭੀਰ ਨੁਕਸਾਨ ਪਹੁੰਚਾ ਰਹੇ ਹਨ। ਅਮਰੀਕਾ ਦੀ ਖ਼ੁਫ਼ੀਆ ਏਜੰਸੀ ਐੱਫਬੀਆਈ ਸਮੇਤ ਦੋ ਏਜੰਸੀਆਂ ਨੇ ਦੇਸ਼ ਭਰ ਵਿਚ ਚੌਕਸੀ ਵਧਾਉਣ ਲਈ ਅਲਰਟ ਜਾਰੀ ਕੀਤਾ ਹੈ। ਖ਼ੁਫ਼ੀਆ ਏਜੰਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਾਈਬਰ ਹਮਲਾ ਕਰਨ ਦੀ ਪੁਖ਼ਤਾ ਜਾਣਕਾਰੀ ਮਿਲ ਰਹੀ ਹੈ। ਇਹ ਹਮਲੇ ਹੋਰ ਤੇਜ਼ ਹੋ ਸਕਦੇ ਹਨ। ਸਾਈਬਰ ਅਪਰਾਧੀ ਸਿਹਤ ਸੇਵਾਵਾਂ ਨਾਲ ਜੁੜੇ ਨੈੱਟਵਰਕ ਤੋਂ ਡਾਟਾ ਚੋਰੀ ਕਰਨ ਦਾ ਯਤਨ ਕਰ ਰਹੇ ਹਨ। ਹਸਪਤਾਲਾਂ ਦੇ ਨੈੱਟਵਰਕ ਨੂੰ ਵੀ ਨੁਕਸਾਨ ਪਹੁੰਚਾ ਕੇ ਮਰੀਜ਼ਾਂ ਦੇ ਕੰਮ ਵਿਚ ਰੁਕਾਵਟ ਖੜੀ ਕਰ ਰਹੇ ਹਨ। ਪਿਛਲੇ ਹਫ਼ਤੇ ਹੀ ਪੰਜ ਹਸਪਤਾਲਾਂ ਨੂੰ ਸਾਈਬਰ ਅਪਰਾਧੀਆਂ ਨੇ ਨਿਸ਼ਾਨਾ ਬਣਾਇਆ ਹੈ। ਅਜਿਹੇ ਸੈਂਕੜੇ ਹਸਪਤਾਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣ ਨੂੰ ਦੇਖਦੇ ਹੋਏ ਸਾਈਬਰ ਸੁਰੱਖਿਆ ਖ਼ੁਫ਼ੀਆਂ ਏਜੰਸੀਆਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਕੋਰੋੋਨਾ ਇਨਫੈਕਸ਼ਨ ਦੇ ਵਧਣ ਨਾਲ ਹੀ ਹਸਪਤਾਲਾਂ ਵਿਚ ਵੀ ਸਾਈਬਰ ਅਪਰਾਧੀ ਪਰੇਸ਼ਾਨੀ ਹੋਰ ਵਧਾ ਰਹੇ ਹਨ। ਸਤੰਬਰ ਮਹੀਨੇ ਵਿਚ ਹੀ ਕਰੀਬ 250 ਹਸਪਤਾਲਾਂ ਦੇ ਸਿਸਟਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਮਰੀਕਾ ਇਸ ਲਈ ਰੂਸ ਦੇ ਸਾਈਬਰ ਅਪਰਾਧੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਰਿਹਾ ਹੈ।