ਨਵੀਂ ਦਿੱਲੀ-ਆਪਣੀ ਪਲੇਠੀ ਫੇਰੀ ਲਈ ਕੁਵੈਤ ਉੱਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੋ ਭਾਰਤੀ ਮਹਾਂਕਾਵਿ ਰਾਮਾਇਣ ਤੇ ਮਹਾਭਾਰਤ ਦਾ ਅਰਬੀ ਭਾਸ਼ਾ ਵਿਚ ਅਨੁਵਾਦ ਤੇ ਇਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਵਾਲੇ ਦੋ ਮੁਕਾਮੀ ਲੋਕਾਂ ਨੂੰ ਮਿਲੇ। ਪ੍ਰਧਾਨ ਮੰਤਰੀ ਨੇ ਕੁਵੈਤ ਵਿਚ ਅਬਦੁੱਲ੍ਹਾ ਅਲ ਬਾਰੌਨ ਤੇ ਅਬਦੁਲ ਲਤੀਫ਼ ਅਲ ਨੇਸੇਫ਼ ਨਾਲ ਮੁਲਾਕਾਤ ਕੀਤੀ। ਅਬਦੁੱਲਾ ਅਲ ਬਾਰੌਨ ਨੇ ਜਿੱਥੇ ਰਾਮਾਇਣ ਤੇ ਮਹਾਭਾਰਤ, ਦੋਵਾਂ ਦਾ ਅਰਬੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ, ਉਥੇ ਅਬਦੁਲ ਲਤੀਫ਼ ਨੈਸੇਫ਼ ਨੇ ਦੋਵੇਂ ਮਹਾਂਕਾਵਿ ਪ੍ਰਕਾਸ਼ਿਤ ਕੀਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਵੀ ਇਨ੍ਹਾਂ ਦੋਵਾਂ ਤੇ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਗੱਲ ਕੀਤੀ ਸੀ। ਸ੍ਰੀ ਮੋਦੀ ਦੇ ਵਿਦੇਸ਼ ਦੌਰਿਆਂ ਵਿਚ ਅਕਸਰ ਭਾਰਤੀ ਸਭਿਆਚਾਰ ਨਾਲ ਜੁੜੀਆਂ ਪੇਸ਼ਕਾਰੀਆਂ ਤੇ ਸ਼ੋਅ ਵੀ ਸ਼ਾਮਲ ਹੁੰਦੇ ਹਨ।