arvind kejriwal appeals: ਦਿੱਲੀ-ਐੱਨ.ਸੀ.ਆਰ ਵਿੱਚ ਵਰਕਰਾਂ ਦੇ ਵਾਪਿਸ ਜਾਣ ਤੋਂ ਚਿੰਤਤ, ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਮਜਦੂਰਾਂ ਨੂੰ ਕਿਤੇ ਵੀ ਨਾ ਜਾਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਤੁਸੀਂ ਜਿਥੇ ਵੀ ਹੋ ਉੱਥੇ ਹੀ ਰਹੋ, ਅਸੀਂ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ। ਕੇਜਰੀਵਾਲ ਨੇ ਕਿਹਾ, “ਤੁਸੀਂ ਜਿਥੇ ਵੀ ਹੋ ਉੱਥੇ ਹੀ ਰਹੋ ਕਿਉਂਕਿ ਵਧੇਰੇ ਲੋਕਾਂ ਦੇ ਇਕੱਠੇ ਹੋਣ ਕਾਰਨ ਕੋਰੋਨਾ ਵਾਇਰਸ ਫੈਲਣ ਦਾ ਜੋਖਮ ਵੱਧ ਜਾਂਦਾ ਹੈ। ਮੈਂ ਤੁਹਾਡੇ ਲਈ ਸਾਰੇ ਪ੍ਰਬੰਧ ਕਰ ਰਿਹਾ ਹਾਂ।” ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ, “ਤੁਹਾਡੇ ਰਹਿਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ। ਤੁਹਾਡਾ ਧਿਆਨ ਰੱਖਿਆ ਜਾਵੇਗਾ।”
ਦੇਸ਼ ਪਹਿਲਾਂ ਹੀ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਗ੍ਰਸਤ ਹੈ, ਹੁਣ ਦਿੱਲੀ ਸਮੇਤ ਆਸ ਪਾਸ ਦੇ ਇਲਾਕਿਆਂ ਤੋਂ ਪਰਵਾਸ ਦਾ ਗੰਭੀਰ ਸੰਕਟ ਹੋਰ ਵੀ ਬਦਤਰ ਹੋ ਗਿਆ ਹੈ। ਹਜ਼ਾਰਾਂ ਮਜ਼ਦੂਰ ਚੌਥੇ ਦਿਨ ਵੀ ਦਿੱਲੀ ਤੋਂ ਪਰਵਾਸ ਕਰ ਰਹੇ ਸੀ। ਕੋਈ ਵੀ ਸਰਕਾਰ ਭੁੱਖੇ ਅਤੇ ਪਿਆਸੇ ਲੋਕਾਂ ਦੀ ਦੇਖਭਾਲ ਲਈ ਗੰਭੀਰ ਨਹੀਂ ਜਾਪਦੀ। ਕੇਜਰੀਵਾਲ ਸਰਕਾਰ ਅਤੇ ਯੋਗੀ ਆਦਿੱਤਿਆਨਾਥ ਦੀ ਉੱਤਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਨੇ ਇਸ ਸਥਿਤੀ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਜੇ ਸਥਿਤੀ ਅਜਿਹੀ ਰਹੀ ਤਾਂ ਤਾਲਾਬੰਦੀ ਫੇਲ੍ਹ ਹੋ ਜਾਵੇਗੀ।
ਕੱਲ੍ਹ ਤੋਂ ਹਜ਼ਾਰਾਂ ਵਰਕਰ ਦਿੱਲੀ ਦੇ ਆਨੰਦ ਵਿਹਾਰ ਵਿਖੇ ਮੌਜੂਦ ਸਨ। ਉਹ ਅਜੇ ਵੀ ਉਥੇ ਹੀ ਮੌਜੂਦ ਹਨ, ਹਾਲਾਂਕਿ ਬੀਤੀ ਰਾਤ ਤੱਕ ਵੇਖੀ ਗਈ ਭੀੜ ਤੋਂ ਪਹਿਲਾ ਤੋਂ ਘੱਟ ਸੀ। ਸੜਕ ਦੇ ਕਿਨਾਰੇ ਬਣੇ ਫੁੱਟਪਾਥ ‘ਤੇ ਬਹੁਤ ਸਾਰੇ ਲੋਕ ਆਪਣਾ ਸਮਾਨ ਲੈ ਕੇ ਸੌ ਰਹੇ ਹਨ, ਜਦਕਿ ਕੁੱਝ ਲੋਕ ਬੱਸ ਡਿਪੂ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਉਹ ਸਾਰੇ ਇਸ ਉਮੀਦ ਵਿੱਚ ਸਨ ਕਿ ਸ਼ਾਇਦ ਬੱਸ ਸੇਵਾ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਘਰ ਤੱਕ ਛੱਡ ਦਿੱਤਾ ਜਾਵੇਗਾ।