DDCA Unveils Gautam Gambhir Stand: ਰਾਜਧਾਨੀ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੁਣ ਇੱਕ ਸਟੈਂਡ ਦਾ ਨਾਂ ਸਾਬਕਾ ਭਾਰਤੀ ਕਪਤਾਨ ਗੌਤਮ ਗੰਭੀਰ ਦੇ ਨਾਂ ‘ਤੇ ਰੱਖਿਆ ਗਿਆ ਹੈ । ਜਿਸਦਾ ਉਦਘਾਟਨ ਖੁਦ ਗੌਤਮ ਗੰਭੀਰ ਵੱਲੋਂ ਕੀਤਾ ਗਿਆ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬੜੇ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਉਨ੍ਹਾਂ ਦੇ ਨਾਂ ‘ਤੇ ਇਸ ਸਟੇਡੀਅਮ ਵਿੱਚ ਇੱਕ ਸਟੈਂਡ ਦਾ ਨਾਂ ਰੱਖਿਆ ਗਿਆ ਹੈ ।
ਗੌਤਮ ਨੇ ਕਿਹਾ ਕਿ ਉਸਨੇ ਆਪਣੀ ਸਾਰੀ ਕ੍ਰਿਕਟ ਇਸ ਮੈਦਾਨ ‘ਤੇ ਖੇਡੀ ਹੈ, ਜਿਸ ਕਾਰਨ ਉਸਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ । ਜਿਸ ਤੋਂ ਬਾਅਦ ਗੰਭੀਰ ਹੁਣ ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਤੇ 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਮਹਿੰਦਰ ਅਮਰਨਾਥ ਦੀ ਵਿਸ਼ੇਸ਼ ਸ਼੍ਰੇਣੀ ਵਿੱਚ ਸ਼ਾਮਿਲ ਹੋ ਗਿਆ ਹੈ ।
ਦੱਸ ਦੇਈਏ ਕਿ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਰਜਤ ਸ਼ਰਮਾ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਉਸ ਦੇ ਮੁਖੀ ਬਣਨ ਤੋਂ ਬਾਅਦ ਦਿੱਲੀ ਦੀ ਕ੍ਰਿਕਟ ਵਿੱਚ ਕਾਫੀ ਗਿਰਾਵਟ ਆਈ ਹੈ । ਉਨ੍ਹਾਂ ਕਿਹਾ ਕਿ ਮੁਸ਼ਤਾਕ ਅਲੀ ਟੀ-20 ਟਰਾਫੀ ਵਿੱਚ ਵੀ ਦਿੱਲੀ ਦਾ ਪ੍ਰਦਰਸ਼ਨ ਕਾਫ਼ੀ ਖਰਾਬ ਚੱਲ ਰਿਹਾ ਹੈ ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਬਦਲ ਦਿੱਤਾ ਗਿਆ ਸੀ । ਸਰਕਾਰ ਦੇ ਇਸ ਐਲਾਨ ਤੋਂ ਬਾਅਦ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਬਦਲ ਕੇ ਅਰੁਣ ਜੇਤਲੀ ਰੱਖ ਦਿੱਤਾ ਗਿਆ ਸੀ ।