ਪਸ਼ੂ ਧਨ ਕਿਸੇ ਦੇਸ਼ ਦੀ ਖੇਤੀਬਾੜੀ ਤੇ ਆਰਥਿਕ ਸਥਿਤੀ ਲਈ ਅਹਿਮ ਸਥਾਨ ਰੱਖਦਾ ਹੈ। ਪੰਜਾਬ ਖੇਤੀਬਾੜੀ ਪੈਦਾਵਾਰ ਲਈ ਮੋਹਰੀ ਸੂਬਾ ਹੈ ਪਰ ਅਵਾਰਾ ਡੰਗਰਾਂ ਤੇ ਜੰਗਲੀ ਜੀਵ- ਜੰਤੂਆਂ ਦੀ ਭਰਮਾਰ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਕੁਦਰਤੀ ਬਨਸਪਤੀ ਦੀ ਮਨੁੱਖ ਦੇ ਜੀਵਨ ‘ਚ ਬਹੁਤ ਮਹੱਤਤਾ ਹੈ। ਜੰਗਲੀ ਜੀਵਾਂ ਦੇ ਨਾਲ ਇਸ ਦਾ ਡੂੰਘਾ ਰਿਸ਼ਤਾ ਹੈ। ਪੰਜਾਬ ਅੰਦਰ ਬਹੁਤ ਥਾਵਾਂ ‘ਤੇ ਬੀੜਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਤਿਹਾਸਕ ਸ਼ਹਿਰ ਨਾਭਾ ਦੇ ਪੂਰਬ ਵੱਲ ਬੀੜ ਦੁਸਾਂਝ ਹੈ, ਜਿਸ ਵਿਚ ਰੋਝ , ਗਿੱਦੜ, ਬਾਂਦਰ ਤੇ ਹੋਰ ਜੰਗਲੀ ਜਾਨਵਰ ਰਹਿੰਦੇ ਹਨ। ਅਵਾਰਾ ਤਿੱਖੇ -ਤਿੱਖੇ ਸਿੰਗਾਂ ਵਾਲੀਆਂ ਗਊਆਂ ਤੇ ਸਾਨ੍ਹ ਵੀ ਜੰਗਲੀ ਬਣ ਚੁੱਕੇ ਹਨ। ਜੌੜੇਪੁਲਾਂ ਘਣੀਵਾਲ, ਭੋੜੇ ਆਦਿ ਪਿੰਡਾਂ ਨੂੰ ਮਿਲਾਉਂਦੀ ਸੜਕ ਇਸ ਬੀੜ ‘ਚੋਂ ਲੰਘਦੀ ਹੈ। ਇਸੇ ਰੋਡ ‘ਤੇ ਨਾਭੇ ਦੇ ਰਾਜੇ ਵੱਲੋਂ ਬੀੜ ‘ਚ ਸ਼ਿਕਾਰ ਕਰਨ ਸਮੇਂ ਠਹਿਰ ਲਈ ਬਣਾਈ ਸ਼ਾਨਦਾਰ ਕਲਾਤਮਿਕ ਕੋਠੀ ‘ਚ ਅੱਜਕੱਲ੍ਹ ਫਿਲਮਾਂ ਤੇ ਪ੍ਰੀ-ਵੈਡਿੰਗ ਸ਼ੂਟਿੰਗ ਹੁੰਦੀ ਰਹਿੰਦੀ ਹੈ। ਇਸ ਕਰਕੇ ਆਵਾਜਾਈ ਹੋਰ ਵੀ ਵਧ ਗਈ ਹੈ। ਸੈਂਕੜੇ ਲੋਕ ਸਵੇਰੇ ਸ਼ਾਮ ਸਰਕਾਰੀ ਮੱਝ ਫਾਰਮ ਤੋਂ ਦੁੱਧ ਲੈਣ ਜਾਂਦੇ ਹਨ, ਜਿਨ੍ਹਾਂ ਨੂੰ ਡੰਗਰਾਂ ਤੇ ਬਾਂਦਰਾਂ ਦੇ ਝੁੰਡਾਂ ‘ਚੋਂ ਲੰਘਣਾ ਮੁਸ਼ਕਲ ਹੁੰਦਾ ਹੈ। ਇਸੇ ਤਰ੍ਹਾਂ ਇਸ ਸੜਕ ‘ਤੇ ਸੈਰ ਕਰਨ ਵਾਲਿਆਂ ਲਈ ਵੀ ਰਸਤਾ ਸੁਰੱਖਿਅਤ ਨਹੀਂ । ਇਸ ਸੜਕ ਤੋਂ ਲੰਘਣ ਵਾਲਿਆਂ ਦੇ ਇਨ੍ਹਾਂ ਅਵਾਰਾ ਡੰਗਰਾਂ ਤੇ ਬਾਂਦਰਾਂ ਨਾਲ ਅਨੇਕਾਂ ਵਾਰੀ ਹਾਦਸੇ ਹੋ ਚੁੱਕੇ ਹਨ ਤੇ ਕਈ ਜਾਨਾਂ ਵੀ ਜਾ ਚੁੱਕੀਆਂ ਹਨ। ਸਕੂਲਾਂ,ਕਾਲਜਾਂ ‘ਚ ਪੜ੍ਹਦੇ ਵਿਦਿਆਰਥੀ ਰੋਜ਼ਾਨਾ ਇੱਥੋਂ ਦੀ ਡਰ- ਡਰ ਕੇ ਲੰਘਦੇ ਹਨ। ਸਕੂਲ,ਕਾਲਜ ਟਿਊਸ਼ਨ ਜਾਣ ਵਾਲੀਆਂ ਇਕੱਲੀਆਂ ਕੁੜੀਆਂ ਲਈ ਇੱਥੋਂ ਦੀ ਲੰਘਣਾ ਹੋਰ ਵੀ ਮੁਸ਼ਕਲ ਹੈ। ਮਾਪਿਆਂ ਦੇ ਆਪਣੇ ਬੱਚਿਆਂ ਦੇ ਸਹੀ ਸਲਾਮਤ ਘਰ ਆਉਣ ਤਕ ਸਾਹ ਸੂਤੇ ਰਹਿੰਦੇ ਹਨ। ਭੂਸਰੇ ਸਾਨ੍ਹ ਤੇ ਭੁੱਖੇ ਬਾਂਦਰ ਕਈ ਵਾਰ ਰਾਹਗੀਰਾਂ ‘ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੰਦੇ ਹਨ। ਬਾਂਦਰਾਂ ਨੂੰ ਖਾਣ ਲਈ ਵਸਤਾਂ ਤੇ ਡੰਗਰਾਂ ਲਈ ਚਾਰਾ ਅਕਸਰ ਹੀ ਲੋਕ ਸੜਕ ਦੇ ਕਿਨਾਰਿਆਂ ‘ਤੇ ਸੁੱਟ ਜਾਂਦੇ ਹਨ, ਜਿਸ ਨਾਲ ਕਈ ਵਾਰੀ ਰਾਹੀਆਂ ਦੇ ਹਾਦਸੇ ਹੋ ਜਾਂਦੇ ਹਨ ਕਿਉਂਕਿ ਦੂਸਰੀ ਸਾਈਡ ਤੋਂ ਭੁੱਖੇ ਬਾਂਦਰ ਤੇ ਡੰਗਰ ਦੌੜ ਕੇ ਖਾਣ ਲਈ ਆਉਂਦੇ ਹਨ। ਲੋਕ ਸ਼ਾਇਦ ਦਾਨ- ਪੁੰਨ ਦੀ ਭਾਵਨਾ ਨਾਲ ਖਾਣ ਵਾਲੀਆਂ ਵਸਤਾਂ ਪਾ ਕੇ ਜਾਂਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਇਸ ਤਰ੍ਹਾਂ ਸੜਕ ‘ਤੇ ਗੰਦ ਤੇ ਆਵਾਜਾਈ ‘ਚ ਵਿਘਨ ਵੀ ਪੈਂਦਾ ਹੈ । ਇਸ ਤਰ੍ਹਾਂ ਅਣਜਾਣ ਰਾਹਗੀਰਾਂ ਲਈ ਇੱਥੋਂ ਲੰਘਣਾ ਖ਼ਤਰੇ ਤੋਂ ਖ਼ਾਲੀ ਨਹੀਂ। ਬੀੜ ਦੇ ਨਾਲ ਲਗਦੇ ਖੇਤਾਂ ‘ਚ ਜੇ ਇਨ੍ਹਾਂ ਡੰਗਰਾਂ ਦੇ ਝੁੰਡ ਵੜ ਜਾਣ ਤਾਂ ਫ਼ਸਲ ਦੀ ਬਰਬਾਦੀ ਹੋ ਜਾਂਦੀ ਹੈ, ਜਿਸ ਦੀ ਭਰਪਾਈ ਕੌਣ ਕਰੇਗਾ, ਇਸ ਬਾਰੇ ਕੋਈ ਚਿੰਤਤ ਨਹੀਂ। ਪਿੰਡ ਚੌਧਰੀ ਮਾਜਰਾ ਦੇ ਕਿਸਾਨ ਰਲ ਕੇ ਦਿਨ-ਰਾਤ ਡੰਗਰਾਂ ਤੋਂ ਰਾਖੀ ਲਈ ਅੱਤ ਦੀ ਗਰਮੀ ਤੇ ਸਰਦੀ ਦੇ ਬਾਵਜੂਦ ਆਪਣੇ ਖੇਤਾਂ ਦੁਆਲੇ ਪਹਿਰਾ ਦਿੰਦੇ ਹਨ। ਪਿਛਲੇ ਸਾਲ ਖੇਤ ਦੀ ਵਾੜ ਦੀ ਰਾਖੀ ਕਰ ਰਹੇ ਇਕ ਮਜ਼ਦੂਰ ਦੀ ਇਕ ਹਿੰਸਕ ਹੋਏ ਸਾਨ੍ਹ ਨੇ ਟੱਕਰਾਂ ਮਾਰ ਕੇ ਜਾਨ ਲੈ ਲਈ ਸੀ ਪਰ ਪ੍ਰਸ਼ਾਸਨ ਨੇ ਅਜਿਹੀਆਂ ਘਟਨਾਵਾਂ ਬਾਰੇ ਕਦੇ ਕੋਈ ਚਿੰਤਾ ਨਹੀਂ ਕੀਤੀ। ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਡੰਗਰਾਂ ਨੂੰ ਫੜ ਕੇ ਨੇੜੇ ਦੀਆਂ ਗਊਸ਼ਾਲਾਵਾਂ ‘ਚ ਭੇਜੇ। ਬਾਂਦਰਾਂ ਲਈ ਵੀ ਬੀੜ ਅੰਦਰ ਮੇਨ ਸੜਕ ਤੋਂ ਰਸਤਾ ਦੇ ਕੇ ਸੁਰੱਖਿਅਤ ਥਾਂ ਬਣਾਈ ਜਾਵੇ, ਜਿੱਥੇ ਲੋਕ ਆਸਾਨੀ ਨਾਲ ਬੇਖੌਫ਼ ਖਾਣ ਵਾਲੀਆਂ ਵਸਤਾਂ ਪਾ ਸਕਣ। ਭਾਵੇਂ ਸਰਕਾਰ ਵੱਲੋਂ ਪੰਜਾਬ ਗਊ ਸੇਵਾ ਕਮਿਸ਼ਨ ਐਕਟ, 2014 ਅਧੀਨ ‘ਪੰਜਾਬ ਗਊ ਸੇਵਾ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ , ਜਿਸ ਵਿਚ ਗਊ, ਸਾਨ੍ਹ, ਬਲਦ, ਵੱਛੇ-ਵੱਛੀਆਂ ਦੀ ਸੁਰੱਖਿਆ ਤੇ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਵਾਸਤੇ ਫੰਡ ਲਈ ਬਜਟ ਵੀ ਰੱਖਿਆ ਗਿਆ ਹੈ, ਜਿਸ ਨਾਲ ਗਊ-ਪਰਿਵਾਰ ਦੀ ਸੰਭਾਲ ਕਰਨੀ ਹੈ ਤੇ ਮਨੁੱਖੀ ਅੱਤਿਆਚਾਰ ਤੋਂ ਬਚਾਉਣਾ ਹੈ। ਵਧੇਰੇ ਫੰਡ ਲਈ ਸਥਾਨਕ ਸਰਕਾਰਾਂ ਵੱਲੋਂ ਗਊ ਸੈੱਸ ਵੀ ਲਾ ਰੱਖਿਆ ਹੈ ਪਰ ਗਊਧਨ ਦੀ ਸੰਭਾਲ ਲਈ ਕੋਈ ਠੋਸ ਨੀਤੀ ਸਾਹਮਣੇ ਨਹੀਂ ਆਈ। ਜਥੇਬੰਦੀਆਂ ਵੀ ਇਸ ਮਸਲੇ ਪ੍ਰਤੀ ਗੰਭੀਰ ਨਹੀਂ ,ਉਨ੍ਹਾਂ ਨੂੰ ਵੀ ਸਰਕਾਰ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਬਾਜ਼ਾਰਾਂ ‘ਚ ਆਮ ਅਵਾਰਾ ਡੰਗਰ ਘੁੰਮ ਰਹੇ ਹਨ, ਜੋ ਲੋਕਾਂ ਦਾ ਜਾਨ ਅਤੇ ਮਾਲ ਦਾ ਨੁਕਸਾਨ ਅਕਸਰ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਲੜਦੇ- ਭਿੜਦੇ ਡੰਗਰਾਂ ਨਾਲ ਰਾਹਗੀਰਾਂ ਦੇ ਹੋਏ ਹਾਦਸਿਆਂ ਕਾਰਨ ਹੋਈਆਂ ਮੌਤਾਂ ਦੀਆਂ ਵੀਡੀਓ ਅਕਸਰ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਮੌਤਾਂ ਲਈ ਸਰਕਾਰ ਵੱਲੋਂ ਪਰਿਵਾਰਾਂ ਨੂੰ ਨਾ ਤਾਂ ਦੋ ਸ਼ਬਦ ਹਮਦਰਦੀ ਦੇ ਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈ। ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਲੋਕਤੰਤਰੀ ਸਰਕਾਰ ਦਾ ਫ਼ਰਜ਼ ਹੈ ਕਿ ਉਹ ਲੋਕਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇ। ਜੇ ਸਰਕਾਰ ਸੁਹਿਰਦਤਾ ਨਾਲ ਲੋਕਾਂ ਦੀ ਆਵਾਜ਼ ਸੁਣੇਗੀ ਤਾਂ ਹੀ ਉਹ ਲੋਕਪ੍ਰਿਯ ਹੋ ਸਕਦੀ ਹੈ। ਸੋ ਇਨ੍ਹਾਂ ਜੰਗਲੀ ਜੀਵਾਂ ਤੇ ਅਵਾਰਾ ਡੰਗਰਾਂ ਵੱਲੋਂ ਆਮ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਨੂੰ ਤੁਰੰਤ ਰੋਕਣਾ ਚਾਹੀਦਾ ਹੈ ।
ਮੇਜਰ ਸਿੰਘ ਨਾਭਾ