ਅਸਥਮਾ ਦੇ ਮਰੀਜ਼ਾਂ ’ਚ ਦੂਸਰਿਆਂ ਦੇ ਮੁਕਾਬਲੇ ਬ੍ਰੇਨ ਟਿਊਮਰ ਵਿਕਸਿਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਹੁਣ ਸੇਂਟ ਲੁਈਸ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਅਜਿਹੇ ਕਿਉਂ ਹੁੰਦਾ ਹੈ। ਅਧਿਐਨ ਦਾ ਪ੍ਰਕਾਸ਼ਨ ਨੇਚਰ ਕਮਿਊਨੀਕੇਸ਼ਨ ਜਰਨਲ ’ਚ ਹੋਇਆ ਹੈ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਅਜਿਹਾ ਟੀ ਸੈੱਲ ਦੇ ਵਿਵਹਾਰ ਕਾਰਨ ਹੁੰਦਾ ਹੈ। ਟੀ ਸੈੱਲ ਪ੍ਰਤੀ-ਰੱਖਿਆ ਸੈੱਲਾਂ ’ਚੋਂ ਇਕ ਹੈ। ਜਦੋਂ ਕਿਸੇ ਵਿਅਕਤੀ ਜਾਂ ਚੂਹੇ ਨੂੰ ਅਸਥਮਾ ਹੁੰਦਾ ਹੈ, ਤਾਂ ਉਸ ਦੇ ਟੀ ਸੈੱਲ ਸਰਗਰਮ ਹੋ ਜਾਂਦੇ ਹਨ। ਚੂਹੇ ’ਤੇ ਕੀਤੇ ਗਏ ਇਕ ਨਵੇਂ ਅਧਿਐਨ ਦੌਰਾਨ ਖੋਜਕਰਤਾਵਾਂ ਨੇ ਪਾਇਆ ਕਿ ਅਸਥਮਾ ਟੀ ਸੈੱਲ ਨੂੰ ਅਜਿਹਾ ਵਿਵਹਾਰ ਕਰਨ ਲਈ ਪ੍ਰਰਿਤ ਕਰਦਾ ਹੈ ਜਿਸ ਨਾਲ ਫੇਫੜਿਆਂ ਦੀ ਇਨਫੈਕਸ਼ਨ ਤਾਂ ਵੱਧ ਜਾਂਦੀ ਹੈ ਪਰ ਬ੍ਰੇਨ ਟਿਊਮਰ ਦਾ ਵਿਕਾਸ ਰੁਕ ਜਾਂਦਾ ਹੈ। ਇਹ ਨਤੀਜਾ ਦੱਸਦਾ ਹੈ ਕਿ ਕੁਝ ਬਦਲਾਵਾਂ ਨਾਲ ਟੀ ਸੈੱਲ ਦੀ ਵਰਤੋਂ ਬ੍ਰੇਨ ਟਿਊਮਰ ਦੇ ਇਲਾਜ ’ਚ ਕੀਤੀ ਜਾ ਸਕਦੀ ਹੈ। ਅਧਿਐਨ ਦੇ ਸੀਨੀਅਰ ਲੇਖਕ ਡੇਵਿਡ ਐੱਚ ਗਟਮੈਨ ਕਹਿੰਦੇ ਹਨ, ‘ਪੱਕੇ ਤੌਰ ’ਤੇ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਅਸਥਮਾ ਵਰਗੀ ਘਾਤਕ ਬਿਮਾਰੀ ਚੰਗੀ ਹੈ। ਅਸੀਂ ਜੇ ਕੁਝ ਅਜਿਹਾ ਕਰ ਸਕੀਏ, ਜਿਸ ਨਾਲ ਦਿਮਾਗ਼ ’ਚ ਪ੍ਰਵੇਸ਼ ਕਰਨ ਵਾਲੇ ਟੀ ਸੈੱਲ, ਅਸਥਮਾ ਦੇ ਟੀ ਸੈੱਲ ਵਾਂਗ ਵਿਵਹਾਰ ਕਰਨ ਲੱਗਣ ਤਾਂ ਬ੍ਰੇਨ ਟਿਊਮਰ ਦੇ ਵਿਕਾਸ ਨੂੰ ਰੋਕਿਆ ਜਾ ਸਕਦਾ ਹੈ। ਇਸ ਨਾਲ ਬ੍ਰੇਨ ਟਿਊਮਰ ਦੇ ਇਲਾਜ ਦਾ ਇਕ ਨਵਾਂ ਰਸਤਾ ਖੁੱਲ੍ਹ ਸਕਦਾ ਹੈ।’