ਲੁਧਿਆਣਾ- ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹੱਲ ਕੱਢਣ ਦਾ ਭਰੋਸਾ ਵੀ ਦਿਵਾਇਆ। ਮਾਨ ਨੇ ਇਸ ਮੌਕੇ ਵੱਡੇ ਐਲਾਨ ਕੀਤੇ। ਮਾਨ ਨੇ ਕਿਹਾ ਕਿ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਕਿਸਾਨਾਂ ਨਾਲ ਜੋ ਵੀ ਗੱਲਬਾਤ ਹੋਈ ਹੈ, ਉਨ੍ਹਾਂ ਦੀ ਹਰ ਮੰਗ ਨੂੰ ਸੁਣਿਆ ਹੈ, ਉਸ ਹਰ ਚੀਜ਼ ਨੂੰ ਕੰਪਿਊਟਰ ਵਿੱਚ ਦਰਜ ਕੀਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਫਸਲਾਂ ਖਰਾਬ ਹੋਣ ਤੋਂ ਪਹਿਲਾਂ ਹੀ ਬਚਾਵਾਂਗੇ। ਇਸ ਦੌਰਾਨ ਉਨ੍ਹਾਂ ਸ਼ੂਗਰ ਮਿੱਲਾਂ ਨੂੰ ਕਿਸਾਨਾਂ ਦੇ ਗੰਨੇ ਦਾ ਬਕਾਇਆ ਦੇਣ ਦੇ ਹੁਕਮ ਵੀ ਜਾਰੀ ਕੀਤੇ ਤੇ ਕਿਹਾ ਕਿ ਖੇਤੀ ਨੂੰ ਆਧੁਨੀਕਰਣ ਬਣਾਵਾਂਗੇ। ਨਹਿਰਾਂ ਵਿੱਚ ਪਾਣੀ ਕਦੋਂ ਦੇਣਾ, ਇਸ ਉਤੇ ਵੀ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਜਿਹੜੇ ਫੈਸਲੇ ਏਸੀ ਕਮਰਿਆਂ ਵਿੱਚ ਹੁੰਦੇ ਸਨ, ਉਹ ਹੁਣ ਜ਼ਮੀਨ ਉਤੇ ਹੀ ਹੋਣਗੇ। ਮਾਨ ਨੇ ਕਿਹਾ ਜੀਰੀ ਦੀ ਫਸਲ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਇਹ ਫਸਲ ਸਾਡੀ ਨਹੀਂ ਹੈ।
ਸੀਐਮ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਪਾਈਪਾਂ ਦਾ ਜਾਲ ਅੰਡਰਗਰਾਊਂਡ ਵਿਛਾਇਆ ਜਾਵੇਗਾ ਅਤੇ ਕਿਸਾਨਾਂ ਦੀਆਂ ਫਸਲਾਂ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਥੇ ਹਰ ਤਰ੍ਹਾਂ ਦੇ ਮਾਹਿਰ ਮੌਜੂਦ ਹਨ, ਤੁਸੀਂ ਉਨ੍ਹਾਂ ਤੋਂ ਸਲਾਹ ਲਓ। ਉਨ੍ਹਾਂ ਅੱਗੇ ਕਿਹਾ ਕਿ ਬਾਸਮਤੀ ਦਾ ਰੇਟ ਘੱਟਣ ਨਹੀਂ ਦਿੱਤਾ ਜਾਵੇਗਾ, ਇਸ ਲਈ ਪੰਜਾਬ ਸਰਕਾਰ ਤੁਹਾਡਾ ਸਾਥ ਦੇਵੇਗੀ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਹਿਰੀ ਪਾਣੀ ਨਾਲ ਜੋੜਿਆ ਜਾਵੇਗਾ।
ਸਾਡਾ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਆ ਰਿਹਾ ਹੈ…ਸਿੰਚਾਈ ਲਈ ਧਰਤੀ ਹੇਠ ਪਾਈਪਾਂ ਦਾ ਅਸੀਂ ਪੂਰੇ ਪੰਜਾਬ ‘ਚ ਜਾਲ ਵਿਛਾਉਣਾ ਹੈ ਤਾਂ ਜੋ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਸਕੀਏ…ਅਸੀਂ ਸਿਰਫ਼ 34% ਨਹਿਰੀ ਪਾਣੀ ਦੀ ਵਰਤੋਂ ਕਰ ਰਹੇ ਹਾਂ..ਅਸੀਂ ਇਹ ਅੰਕੜਾ 70-80% ‘ਤੇ ਲੈ ਕੇ ਜਾਣਾ ਹੈ..