ਕਬਾੜ ’ਚ ਵੇਚਣੇ ਪਏ ਜਹਾਜ਼

ਅਫ਼ਗਾਨੀ ਹਵਾਈ ਫ਼ੌਜ ਖੜ੍ਹੀ ਕਰਨ ਲਈ ਲਗਪਗ 55 ਕਰੋੜ ਡਾਲਰ ਨਾਲ ਇਟਲੀ ’ਚ ਬਣੇ 20 ਜੀ-222 ਜਹਾਜ਼ਾਂ ਦਾ ਨਵੀਨੀਕਰਨ ਕੀਤਾ ਗਿਆ ਸੀ ਪਰ ਇਨ੍ਹਾਂ ’ਚੋਂ 16 ਜਹਾਜ਼ਾਂ ਦਾ ਲਗਾਤਾਰ ਰੱਖ-ਰਖਾਅ ਨਾ ਕੀਤੇ ਜਾ ਸਕਣ ਕਾਰਨ ਇਨ੍ਹਾਂ ਦੀ ਢੁੱਕਵੀਂ ਵਰਤੋਂ ਨਹੀਂ ਹੋ ਸਕੀ। ਬਾਅਦ ’ਚ ਇਨ੍ਹਾਂ ਨੂੰ ਕਬਾੜ ’ਚ ਵੇਚਣਾ ਪਿਆ।

ਸੜਕ ਜਿਹੜੀ ਕਿਤੇ ਨਹੀਂ ਪਹੁੰਚੀ

ਯੂਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਨੇ ਗਰਜੇਦ ਸ਼ਹਿਰ ਤੋਂ ਖੋਸ਼ਤ ਸੂਬੇ ਤਕ 101 ਕਿਲੋਮੀਟਰ ਸੜਕ ਬਣਾਉਣ ’ਤੇ 17.6 ਕਰੋੜ ਡਾਲਰ ਖਰਚ ਕੀਤੇ। ਇਸ ਦਾ ਨਿਰਮਾਣ ਪੂਰਾ ਹੋਣ ਦੇ ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਇਸ ਦੇ ਪੰਜ ਸੈਗਮੈਂਟ ਨਸ਼ਟ ਹੋ ਗਏ ਤੇ ਦੋ ਸੈਗਮੈਂਟ ਰੁੜ੍ਹ ਗਏ।

ਵੁੱਡਲੈਂਡ ਦੀ ਵਰਦੀ

ਅਮਰੀਕਾ ਨੇ ਅਫ਼ਗਾਨ ਫ਼ੌਜ ਲਈ ਵਰਦੀ ਖਰੀਦਣ ਲਈ 2.8 ਕਰੋੜ ਡਾਲਰ ਖਰਚ ਕੀਤੇ ਸਨ ਪਰ ਇਹ ਵਾਤਾਵਰਨ ਨਾਲ ਮੇਲ ਨਹੀਂ ਖਾਂਦੀ ਸੀ। ਪੈਂਟਾਗਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਦਾ ਡਿਜ਼ਾਈਨ ਅਫ਼ਗਾਨੀ ਰੱਖਿਆ ਮੰਤਰੀ ਨੇ ਚੁਣਿਆ ਸੀ ਕਿਉਂਕਿ ਇਹ ਚੰਗੀ ਦਿਸਦੀ ਸੀ।

ਬਰਬਾਦ ਹੁੰਦੀਆਂ ਇਮਾਰਤਾਂ

ਲੋਗਰ ਸੂਬੇ ’ਚ ਅਫ਼ਗਾਨ ਸਪੈਸ਼ਲ ਪੁਲਿਸ ਟ੍ਰੇਨਿੰਗ ਸੈਂਟਰ ਲਈ ਟ੍ਰੇਨਿੰਗ ਰੇਂਜ ਦਾ ਨਿਰਮਾਣ ਕਰਨ ਲਈ ਅਮਰੀਕਾ ਨੇ ਮਈ, 2012 ’ਚ ਇਕ ਅਫ਼ਗਾਨ ਠੇਕੇਦਾਰ ਨਾਲ ਮਿਲ ਕੇ ਪੰਜ ਲੱਖ ਡਾਲਰ ਖਰਚ ਕੀਤੇ ਸਨ ਪਰ ਅਮਰੀਕਾ ਦੇ ਇਸਦੇ ਆਪਣੇ ਕੰਟਰੋਲ ’ਚ ਲੈਣ ਦੇ ਚਾਰ ਮਹੀਨੇ ਦੇ ਅੰਦਰ ਹੀ ਇਸ ਦੀਆਂ ਕੰਧਾਂ ’ਚੋਂ ਪਾਣੀ ਨਿਕਲਣ ਲੱਗਾ ਤੇ ਇੱਟਾਂ ’ਚ ਜ਼ਿਆਦਾ ਰੇਤ ਹੋਣ ਦੇ ਕਾਰਨ ਇਹ ਬਰਬਾਦ ਹੋਣ ਲੱਗੀ।

ਡਰੱਗਜ਼ ਖ਼ਿਲਾਫ਼ ਲੜਾਈ

15 ਸਾਲਾਂ ਦੌਰਾਨ ਅਮਰੀਕਾ ਨੇ ਡਰੱਗਜ਼ ਖ਼ਿਲਾਫ਼ ਕੋਸ਼ਿਸ਼ਾਂ ’ਤੇ 8.6 ਅਰਬ ਡਾਲਰ ਖਰਚ ਕੀਤੇ ਪਰ ਇਸ ਦੇ ਬਾਵਜੂਦ 2017 ਤਕ ਅਫੀਮ ਦੀ ਖੇਤੀ ਤੇ ਅਫੀਮ ਦੀ ਪੈਦਾਵਾਰ ਰਿਕਾਰਡ ਪੱਧਰ ’ਤੇ ਪਹੁੰਚ ਗਈ ਤੇ ਨਸ਼ੀਲੀ ਦਵਾਈਆਂ ਦੀ ਪੈਦਾਵਾਰ ਤੇ ਤਸਕਰੀ ਹਾਲੇ ਵੀ ਜਾਰੀ ਹੈ।

ਨਾਕਾਮ ਬਿਜਲੀ ਪ੍ਰਾਜੈਕਟ

ਅਮਰੀਕੀ ਕਾਰਪਸ ਆਫ ਇੰਜੀਨੀਅਰਸ ਨੇ 10 ਲੱਖ ਤੋਂ ਜ਼ਿਆਦਾ ਅਫ਼ਗਾਨੀਆਂ ਨੂੰ ਬਿਜਲੀ ਮੁਹੱਈਆ ਕਰਾਉਣ ਲਈ ਪਾਵਰ ਸਟੇਸ਼ਨ ਬਣਾਉਣ ਲਈ ਇਕ ਅਫ਼ਗਾਨੀ ਕੰਪਨੀ ਨਾਲ 11.6 ਕਰੋੜ ਡਾਲਰ ਦਾ ਠੇਕਾ ਕੀਤਾ ਸੀ ਪਰ ਛੇ ਕਰੋੜ ਡਾਲਰ ਖਰਚ ਕਰਨ ਦੇ ਬਾਅਦ ਵੀ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ।

ਖਾਲੀ ਹੈੱਡਕੁਆਰਟਰ

ਅਮਰੀਕੀ ਫ਼ੌਜ ਨੇ ਹੈਲਮੰਡ ਸੂਬੇ ਦੇ ਕੈਂਪ ਲੈਦਰਨੈਕ ’ਚ ਕਮਾਂਡ ਤੇ ਕੰਟਰੋਲ ਫੈਸਿਲਿਟੀ ਬਣਾਉਣ ਲਈ 3.6 ਕਰੋੜ ਡਾਲਰ ਖਰਚ ਕੀਤੇ ਸਨ। ਇਸ ਦੇ ਨਿਰਮਾਣ ਦੀ ਗੁਣਵੱਤਾ ਚੰਗੀ ਸੀ ਪਰ ਖਾਲੀ ਹੀ ਪਈ ਰਹੀ ਤੇ ਇਸ ਦਾ ਆਪਣੇ ਮਕਸਦ ਲਈ ਕਦੇ ਇਸਤੇਮਾਲ ਨਹੀਂ ਹੋਇਆ।

ਅਧੂਰਾ ਹੋਟਲ

ਕਾਬੁਲ ’ਚ ਅਮਰੀਕੀ ਦੂਤਘਰ ਨੇੜੇ 209 ਕਮਰਿਆਂ ਦੇ ਹੋਟਲ ਤੇ 150 ਕਮਰਿਆਂ ਦੀ ਅਪਾਰਟਮੈਂਟ ਬਿਲਡਿੰਗ ਦੇ ਨਿਰਮਾਣ ਲਈ ਓਵਰਸੀਜ਼ ਪ੍ਰਾਈਵੇਟ ਇਨਵੈਸਟਮੈਂਟ ਕਾਰਪੋਰੇਸ਼ਨ ਨੇ 8.5 ਕਰੋੜ ਡਾਲਰ ਦਾ ਕਰਜ਼ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਦਾ ਨਿਰਮਾਣ ਅਧੂਰਾ ਰਿਹਾ ਤੇ ਦੋਵਾਂ ਲਈ ਕਰਜ਼ ਡਿਫਾਲਟ ’ਚ ਬਦਲ ਗਿਆ।

 

ਬਿਨਾਂ ਵਰਤੋਂ ਵਾਲੇ ਫ਼ੌਜੀ ਕੈਂਪ

ਅਫ਼ਗਾਨੀ ਫ਼ੌਜ ਲਈ ਤੁਰਕਮੇਨਿਸਤਾਨ ਨਜ਼ਦੀਕ ਕੈਂਪ ਦੇ ਨਿਰਮਾਣ ਲਈ ਅਮਰੀਕਾ ਨੇ 37 ਲੱਖ ਡਾਲਰ ਖਰਚ ਕੀਤੇ ਸਨ। ਆਂਸ਼ਕ ਰੂਪ ਨਾਲ ਤਿਆਰ ਹੋਣ ਦੇ ਬਾਵਜੂਦ ਇਸ ਦੀ ਵਰਤੋਂ ਨਹੀਂ ਕੀਤੀ ਗਈ।

 

ਅਫ਼ਗਾਨ ਫੌਜ

ਤਾਲਿਬਾਨ ਨਾਲ ਲੜਨ ਤੇ ਦੇਸ਼ ’ਚ ਮਲਕੀਅਤ ਲਈ ਲਗਪਗ 20 ਸਾਲਾਂ ’ਚ ਅਮਰੀਕਾ ਨੇ ਅਫ਼ਗਾਨ ਫ਼ੌਜ ਬਣਾਉਣ ’ਤੇ ਕਰੀਬ 83 ਅਰਬ ਡਾਲਰ ਖਰਚ ਕੀਤੇ ਪਰ ਅਮਰੀਕੀ ਫ਼ੌਜ ਦੇ ਹਟਣ ਤੋਂ ਬਾਅਦ ਅਫ਼ਗਾਨ ਫ਼ੌਜ ਤਾਲਿਬਾਨ ਦਾ ਮੁਕਾਬਲਾ ਨਹੀਂ ਕਰ ਸਕੀ।