ਯੁੱਧ ਨਾਲ ਗ੍ਰਸਤ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਭਵਿੱਖੀ ਸਰਕਾਰ ਨੇ ਹੁਣੇ ਤੋਂ ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ ’ਚ ਕੰਮ ਕਰਨ ਵਾਲੀਆਂ ਔਰਤਾਂ ’ਤੇ ਕੰਮ ਕਰਨ ਤੋਂ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਕੰਮ ਕਰਨ ਵਾਲੀਆਂ ਅਫ਼ਗਾਨੀ ਔਰਤਾਂ ਬੇਹੱਦ ਪਰੇਸ਼ਾਨ ਹਨ। ਇਸੀ ਤਰ੍ਹਾਂ ਮਹਿਲਾ ਪੱਤਰਕਾਰਾਂ ਨੂੰ ਵੀ ਤਾਲਿਬਾਨ ਸ਼ਾਸਨ ਨਾਲ ਕੰਮ ਕਰਨ ਤੋਂ ਰੋਕ ਦਿੱਤਾ ਹੈ। ਤਾਲਿਬਾਨੀ ਸ਼ਾਸਨ ’ਚ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਇਨ੍ਹਾਂ ਔਰਤਾਂ ਨੇ ਅੱਤਵਾਦੀ ਸੰਗਠਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ।
ਟੋਲੋ ਨਿਊਜ਼ ਅਨੁਸਾਰ ਅਣਗਿਣਤ ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ ’ਚ ਕੰਮ ਕਰਨ ਵਾਲੀਆਂ ਅਫ਼ਗਾਨੀ ਔਰਤਾਂ ਨੇ ਭਵਿੱਖ ਸਰਕਾਰ ’ਚ ਆਪਣੇ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਇਹ ਘਟਨਾਕ੍ਰਮ ਉਦੋਂ ਸਾਹਮਣੇ ਆਇਆ ਜਦੋਂ ਤਾਲਿਬਾਨ ਨੇ ਕਿਹਾ ਕਿ ਇਕ ਨਵੀਂ ਸਰਕਾਰ ਦੇ ਗਠਨ ਲਈ ਉਸਨੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ।
ਮਨੁੱਖੀ ਅਧਿਕਾਰ ਸੰਗਠਨ ਦੇ ਕਾਰਜਕਰਤਾ ਫਰਿਹਾ ਏਸਾਰ ਨੇ ਕਿਹਾ ਕਿ ਦੇਸ਼ ’ਚ ਲੋਕ, ਸਰਕਾਰ ਅਤੇ ਕੋਈ ਵੀ ਅਧਿਕਾਰੀ ਔਰਤਾਂ ਦੇ ਭਵਿੱਖ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਹੈ। ਅਸੀਂ ਆਪਣਾ ਸਿੱਖਿਆ ਦਾ ਅਧਿਕਾਰ, ਕੰਮ ਕਰਨ ਦਾ ਅਧਿਕਾਰ ਅਤੇ ਰਾਜਨੀਤਿਕ ਤੇ ਸਮਾਜਿਕ ਭਾਗੀਦਾਰੀ ਦਾ ਅਧਿਕਾਰ ਕਦੇ ਨਹੀਂ ਛੱਡਾਂਗੇ।ਦੂਸਰੇ ਪਾਸੇ ਅਫ਼ਗਾਨਿਸਤਾਨ ’ਚ ਕੰਮ ਕਰਦੀਆਂ ਮਹਿਲਾ ਪੱਤਰਕਾਰਾਂ ਨੇ ਵੀ ਦੱਸਿਆ ਕਿ ਤਾਲਿਬਾਨ ਵੱਲੋਂ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਹਾਲਾਂਕਿ ਤਾਲਿਬਾਨ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ’ਚ ਸ਼ਰੀਆ ਕਾਨੂੰਨ ਦੇ ਦਾਇਰੇ ’ਚ ਔਰਤਾਂ ਨੂੰ ਕੰਮ ਕਰਨ ਦੀ ਛੋਟ ਹੋਵੇਗੀ। ਆਰਟੀਏ ਦੀ ਐਂਕਰ ਸ਼ਬਨਮ ਖਾਨ ਦਾਵਰਾਨ ਨੇ ਦੱਸਿਆ ਕਿ ਤਾਲਿਬਾਨ ਨੇ ਉਸਨੂੰ ਆਪਣਾ ਕੰਮ ਕਰਨ ਲਈ ਆਪਣੇ ਦਫ਼ਤਰ ’ਚ ਐਂਟਰ ਕਰਨ ਤੋਂ ਰੋਕ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣਾ ਕੰਮ ਜਾਰੀ ਰੱਖਣਾ ਚਾਹੁੰਦੀ ਹੈ। ਪਰ ਤਾਲਿਬਾਨ ਪ੍ਰਸ਼ਾਸਨ ਨੇ ਉਸਨੂੰ ਕਿਹਾ ਕਿ ਹੁਣ ਸਰਕਾਰ ਬਦਲ ਗਈ ਹੈ ਅਤੇ ਤੁਸੀਂ ਕੰਮ ਨਹੀਂ ਕਰ ਸਕਦੇ। ਇਸੀ ਤਰ੍ਹਾਂ ਇਕ ਹੋਰ ਮਹਿਲਾ ਪੱਤਰਕਾਰ ਖਾਦਿਜ਼ਾ ਨੇ ਕਿਹਾ ਕਿ ਉਸਨੂੰ ਵੀ ਤਾਲਿਬਾਨ ਨੇ ਕੰਮ ਕਰਨ ਤੋਂ ਰੋਕਿਆ ਹੈ।