ਅਫ਼ਗਾਨਿਸਤਾਨ ‘ਚ ਅਸਥਿਰ ਤੇ ਵਧਦੀ ਹਿੰਸਾ ਵਿਚਾਲੇ ਚੀਨ ਤੇ ਰੂਸ ਦੀਆਂ ਫ਼ੌਜਾਂ ਦਾ ਸ਼ਿਨਜਿਆਂਗ ਸੂਬੇ ਦੀ ਸਰਹੱਦ ਨਾਲ ਲੱਗੇ ਨਿੰਗਸ਼ੀਆ ‘ਚ ਜੰਗੀ ਅਭਿਆਸ ਸ਼ੁਰੂ ਹੋ ਗਿਆ ਹੈ। ਫ਼ੌਜ ਦਾ ਇਹ ਅਭਿਆਸ ਸ਼ੁੱਕਰਵਾਰ ਤਕ ਚੱਲੇਗਾ। ਇਸ ਵਿਚ ਦੋਵਾਂ ਹੀ ਦੇਸ਼ਾਂ ਦੀਆਂ ਜ਼ਮੀਨੀ ਤੇ ਹਵਾਈ ਫ਼ੌਜਾਂ ਸ਼ਾਮਲ ਹਨ।
ਨਿੰਗਸ਼ੀਆ ‘ਚ ਦੋਵਾਂ ਦੇਸ਼ਾਂ ਦਾ ਜੰਗੀ ਅਭਿਆਸ ਇਸ ਲਈ ਅਹਿਮ ਹੈ ਕਿ ਇਹ ਸ਼ਿਨਜਿਆਂਗ ਨਾਲ ਲੱਗਾ ਇਲਾਕਾ ਹੈ ਜਿਸ ਦੀਆਂ ਸਰਹੱਦਾਂ ਅਫ਼ਗਾਨਿਸਤਾਨ ਤੇ ਰਾਜਧਾਨੀ ਬੀਜਿੰਗ ਨਾਲ ਜੁੜੀਆਂ ਹੋਈਆਂ ਹਨ। ਸ਼ਿਨਜਿਆਂਗ ‘ਚ ਉਈਗਰ ਮੁਸਲਮਾਨਾਂ ਦੇ ਤਸੀਹਾ ਕੇਂਦਰ ਬਣੇ ਹੋਏ ਹਨ।
ਚੀਨ ਤੇ ਰੂਸ ਦੋਵਾਂ ਨੇ ਕਿਹਾ ਹੈ ਕਿ ਕੌਮਾਂਤਰੀ ਤੇ ਖੇਤਰੀ ਪੱਧਰ ‘ਤੇ ਦੋਵੇਂ ਹੀ ਦੇਸ਼ ਸਥਿਰਤਾ ਤੇ ਸੁਰੱਖਿਆ ਲਈ ਵਚਨਬੱਧ ਹਨ। ਇਹ ਜੰਗੀ ਅਭਿਆਸ ਅੱਤਵਾਦ ਦੇ ਖ਼ਿਲਾਫ਼ ਚੱਲ ਰਹੀ ਉਨ੍ਹਾਂ ਦੀ ਮੁਹਿੰਮ ਨੂੰ ਮਜ਼ਬੂਤੀ ਦੇਵੇਗਾ। ਇਸ ਨਾਲ ਵਿਆਪਕ ਰਣਨੀਤਕ ਭਾਈਵਾਲੀ ਤੇ ਤਾਲਮੇਲ ਵਧਾਉਣ ‘ਚ ਮਦਦ ਮਿਲੇਗੀ। ਜੰਗੀ ਅਭਿਆਸ ਦੀ ਸ਼ੁਰੂਆਤ ਹਾਕਮ ਕਮਿਊਨਿਸਟ ਪਾਰਟੀ ਦੇ ਕੇਂਦਰੀ ਫ਼ੌਜੀ ਕਮਿਸ਼ਨ ਦੇ ਮੈਂਬਰ ਲੀ ਜੁਓਚੇਂਗ ਨੇ ਕੀਤੀ।
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ‘ਚ ਹਿੰਸਾ ਵਧਣ ਦੇ ਨਾਲ ਹੀ ਚੀਨ ਆਪਣੇ ਮੁਸਲਿਮ ਖੇਤਰਾਂ ‘ਚ ਸਰਗਰਮ ਅੱਤਵਾਦੀ ਸੰਗਠਨਾਂ ਨੂੰ ਲੈ ਕੇ ਚਿੰਤਤ ਹੈ। ਉਸ ਨੂੰ ਸ਼ੱਕ ਹੈ ਕਿ ਉਈਗਰ ਮੁਸਲਮਾਨਾਂ ਦੇ ਸੰਗਠਨ ਅਫ਼ਗਾਨਿਸਤਾਨ ਤੋਂ ਉਸਦੇ ਖੇਤਰ ‘ਚ ਵੜ ਸਕਦੇ ਹਨ।