Gangster Ravi Pujari arrested: ਸੇਨੇਗਲ: ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਦੱਖਣੀ ਅਫਰੀਕਾ ਦੇ ਸੇਨੇਗਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਕਰਨਾਟਕ ਪੁਲਿਸ ਦੀ ਇੱਕ ਟੀਮ ਸੇਨੇਗਲ ਵਿੱਚ ਗੈਂਗਸਟਰ ਰਵੀ ਪੁਜਾਰੀ ਦੀ ਹਵਾਲਗੀ ਦੀ ਪ੍ਰਕਿਰਿਆ ਪੂਰੀ ਕਰ ਰਹੀ ਹੈ । ਰਾਅ ਅਧਿਕਾਰੀ ਵੀ ਪੁਲਿਸ ਟੀਮ ਦਾ ਸਮਰਥਨ ਕਰ ਰਹੇ ਹਨ । ਜ਼ਿਕਰਯੋਗ ਹੈ ਕਿ ਰਵੀ ਪੁਜਾਰੀ ਨੂੰ ਪਿਛਲੇ ਸਾਲ ਜਨਵਰੀ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ, ਪਰ ਉਹ ਫਰਾਰ ਹੋ ਗਿਆ ਸੀ । ਹੁਣ ਦੁਬਾਰਾ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਉਸਨੂੰ ਅੱਜ ਯਾਨੀ ਕਿ ਐਤਵਾਰ 23 ਫਰਵਰੀ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ ।
ਸੂਤਰਾਂ ਅਨੁਸਾਰ ਰਵੀ ਪੁਜਾਰੀ ਨੂੰ ਭਾਰਤ ਲਿਆਉਣ ਦੀ ਕਾਗਜ਼ੀ ਕਾਰਵਾਈ ਪੂਰੀ ਹੋ ਗਈ ਹੈ । ਪੁਜਾਰੀ ਨੂੰ ਰਾਅ, ਸੇਨੇਗਲ ਅਧਿਕਾਰੀਆਂ ਅਤੇ ਮੰਗਲੌਰ ਪੁਲਿਸ ਨੇ ਸਾਂਝੇ ਅਭਿਆਨ ਤਹਿਤ ਗ੍ਰਿਫਤਾਰ ਕੀਤਾ ਸੀ । ਰਵੀ ਪੁਜਾਰੀ ਐਂਟਨੀ ਫਰਨਾਂਡਿਸ ਦੇ ਝੂਠੇ ਨਾਮ ਨਾਲ ਰਹਿ ਰਿਹਾ ਸੀ ਅਤੇ ਆਪਣੇ ਆਪ ਨੂੰ ਬੁਰਕੀਨਾ ਫਾਸੋ ਦਾ ਨਾਗਰਿਕ ਦੱਸ ਰਿਹਾ ਸੀ । ਉਸਦੇ ਕੋਲ ਜੋ ਪਾਸਪੋਰਟ ਹੈ ਉਹ 10 ਜੁਲਾਈ 2013 ਨੂੰ ਜਾਰੀ ਕੀਤਾ ਗਿਆ ਸੀ ਅਤੇ ਇਹ 8 ਜੁਲਾਈ 2023 ਤੱਕ ਵੈਧ ਹੈ । ਪਾਸਪੋਰਟ ਅਨੁਸਾਰ ਉਹ ਸੇਨੇਗਲ, ਬੁਰਕੀਨਾ ਫਾਸੋ ਅਤੇ ਨੇੜਲੇ ਦੇਸ਼ਾਂ ਵਿੱਚ ‘ਨਮਸਤੇ ਇੰਡੀਆ’ ਨਾਮ ਦੇ ਰੈਸਟੋਰੈਂਟਾਂ ਦੀ ਇੱਕ ਚੇਨ ਚਲਾਉਣ ਵਾਲਾ ਇੱਕ ਵਪਾਰਕ ਏਜੰਟ ਹੈ ।
ਦੱਸ ਦੇਈਏ ਕਿ ਰਵੀ ਪੁਜਾਰੀ ਨੇ ਛੋਟੇ ਰਾਜਨ ਦੇ ਇੱਕ ਗੁੰਡੇ ਵਜੋਂ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ । ਪਿਛਲੇ ਸਾਲ ਜਦੋਂ ਉਸਨੂੰ ਸੇਨੇਗਲ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਸਨੇ ਜ਼ਮਾਨਤ ਲੈ ਲਈ ਸੀ ਅਤੇ ਫਿਰ ਫਰਾਰ ਹੋ ਗਿਆ ਸੀ । ਇੰਟਰਪੋਲ ਕੋਲ ਪੁਜਾਰੀ ਦੇ ਖ਼ਿਲਾਫ਼ ਲਾਲ ਕਾਰਨਰ ਨੋਟਿਸ ਹੈ ।
ਹਾਲ ਹੀ ਵਿੱਚ ਭਾਰਤੀ ਅਧਿਕਾਰੀਆਂ ਨੇ ਪੁਜਾਰੀ ਨੂੰ ਪੱਛਮੀ ਅਫਰੀਕਾ ਦੇ ਇੱਕ ਪਿੰਡ ਵਿੱਚ ਟਰੈਕ ਕੀਤਾ. ਰਵੀ ਪੁਜਾਰੀ ਵਿਰੁੱਧ ਕਰਨਾਟਕ ਅਤੇ ਮੁੰਬਈ ਵਿੱਚ 98 ਕੇਸ ਵਿਚਾਰ ਅਧੀਨ ਹਨ। ਪਿਛਲੇ ਸਾਲ ਜੂਨ ਵਿੱਚ ਗੁਜਰਾਤ ਦੇ ਵਿਧਾਇਕ ਅਤੇ ਦਲਿਤ ਨੇਤਾ ਜਿਗਨੇਸ਼ ਮੇਵਾਨੀ ਨੇ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਅੰਡਰਵਰਲਡ ਡਾਨ ਰਵੀ ਪੁਜਾਰੀ ਨੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ । ਰਵੀ ਪੁਜਾਰੀ ‘ਤੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਉਦਯੋਗਪਤੀਆਂ ਨੂੰ ਵੀ ਧਮਕੀਆਂ ਦੇਣ ਦਾ ਦੋਸ਼ ਹੈ ।