Cricket World Cup 2020 : ਮੌਜੂਦਾ ਚੈਂਪੀਅਨ ਭਾਰਤ ਨੇ ਮੰਗਲਵਾਰ ਨੂੰ ਆਈ.ਸੀ.ਸੀ ਅੰਡਰ -19 ਕ੍ਰਿਕਟ ਵਰਲਡ ਕੱਪ ਦੇ ਗਰੁੱਪ-ਏ ਦੇ ਆਪਣੇ ਦੂਜੇ ਮੈਚ ਵਿੱਚ ਜਾਪਾਨ ਨੂੰ 10 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਜਾਪਾਨ ਨੂੰ 41 ਦੌੜਾਂ ‘ਤੇ ਢੇਰ ਕਰ ਦਿੱਤਾ ਅਤੇ ਫਿਰ 4.5 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ ਟੀਚੇ’ ਤੇ ਪਹੁੰਚ ਕਿ ਜਿੱਤ ਹਾਸਿਲ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤ ਦਾ ਅਗਲੇ ਗੇੜ ਵਿੱਚ ਪਹੁੰਚਣਾ ਨਿਸ਼ਚਤ ਹੋ ਗਿਆ ਹੈ।
ਭਾਰਤੀ ਟੀਮ ਲਈ ਯਸ਼ਾਸਵੀ ਜੈਸਵਾਲ ਨੇ 18 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 29 ਦੌੜਾਂ ਦੀ ਪਾਰੀ ਖੇਡੀ ਅਤੇ ਕੁਮਾਰ ਕੁਸ਼ਗਰਾ ਨੇ 11 ਗੇਂਦਾਂ ਵਿੱਚ ਦੋ ਚੌਕਿਆਂ ਦੀ ਮਦਦ ਨਾਲ ਨਾਬਾਦ 13 ਦੌੜਾਂ ਬਣਾਈਆਂ। ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਗਰੁੱਪ-ਏ ਦੇ ਦੋ ਮੈਚਾਂ ਵਿਚੋਂ ਚਾਰ ਅੰਕ ਹਾਸਿਲ ਕਰ ਲਏ ਹਨ ਅਤੇ ਪੁਆਇੰਟ ਟੇਬਲ ਵਿਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਅਤੇ ਜਾਪਾਨ ਇਕ-ਇਕ ਅੰਕ ਨਾਲ ਦੂਜੇ ਅਤੇ ਤੀਜੇ ਸਥਾਨ ‘ਤੇ ਹਨ।
ਮੈਚ ਵਿਚ ਅੱਠ ਓਵਰਾਂ ਵਿਚ ਪੰਜ ਦੌੜਾਂ ਦੇ ਕੇ ਚਾਰ ਵਿਕਟਾਂ ਲੈਣ ਵਾਲੇ ਰਵੀ ਬਿਸ਼ਨੋਈ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ ਜੋ ਉਸ ਦੇ ਕਰੀਅਰ ਦਾ ਪਹਿਲਾ ਪੁਰਸਕਾਰ ਹੈ। ਭਾਰਤ ਨੇ ਹੁਣ ਆਪਣਾ ਤੀਜਾ ਮੈਚ ਸ਼ੁੱਕਰਵਾਰ ਨੂੰ ਇਸੇ ਮੈਦਾਨ ਵਿਚ ਨਿਊਜ਼ੀਲੈਂਡ ਖਿਲਾਫ ਖੇਡਣਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕੀਤੀ ਅਤੇ 22.5 ਓਵਰਾਂ ਵਿਚ ਜਾਪਾਨ ਨੂੰ ਪਵੇਲੀਅਨ ਵਾਪਸ ਭੇਜ ਦਿੱਤਾ। ਭਾਰਤ ਲਈ ਰਵੀ ਬਿਸ਼ਨੋਈ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਅੱਠ ਓਵਰਾਂ ਵਿੱਚ ਪੰਜ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦਕਿ ਕਾਰਤਿਕ ਤਿਆਗੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਅੰਡਰ -19 ਵਿਸ਼ਵ ਕੱਪ ਵਿੱਚ ਕਿਸੇ ਵੀ ਟੀਮ ਵੱਲੋਂ ਬਣਾਇਆ ਇਹ ਦੂਜਾ ਸਭ ਤੋਂ ਘੱਟ ਸਕੋਰ ਹੈ।ਇਸ ਤੋਂ ਪਹਿਲਾ ਅੰਡਰ -19 ਵਿਸ਼ਵ ਕੱਪ ਵਿਚ ਕੈਨੇਡਾ ਅਤੇ ਬੰਗਲਾਦੇਸ਼ ਵੀ 41 – 41 ਦੌੜਾਂ ‘ਤੇ ਆਲ ਆਊਟ ਹੋ ਚੁੱਕੇ ਹਨ।