ਅੰਤਰਰਾਸਟਰੀ ਹਾਕੀ ਸਟਾਰ ਬਰਿੰਦਰ ਲਾਕੜਾ ਤੇ ਉਨ੍ਹਾਂ ਦੀ ਮਹਿਲਾ ਮਿੱਤਰ ਮਨਜੀਤ ਟੇਟੇ ‘ਤੇ 28 ਸਾਲਾ ਆਨੰਦ ਟੋਪੋ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਮਿ੍ਤਕ ਦੇ ਪਿਤਾ ਬੰਧਨਾ ਟੋਪੋ, ਮਾਂ ਆਸ਼ਰਿਤਾ ਟੋਪਾ, ਚਾਚਾ ਜਿੰਦਾ ਟੋਪੋ ਤੇ ਦਲੂ ਟੋਪੋ ਨੇ ਰਾਉਰਕੇਲਾ ਵਿਚ ਕਰਵਾਈ ਪ੍ਰਰੈੱਸ ਕਾਨਫਰੰਸ ਵਿਚ ਇਹ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੂਲ ਰੂਪ ਨਾਲ ਸੁੰਦਰਗੜ੍ਹ ਜ਼ਿਲ੍ਹੇ ਦੇ ਰਾਜਗਾਂਗਪੁਰ ਪ੍ਰਖੰਡ ਅਧੀਨ ਬੇਲੁਆਡੀਹ ਪਿੰਡ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦਾ ਪਰਿਵਾਰ ਓਡੀਸ਼ਾ ਦੇ ਰਾਉਰਕੇਲਾ ਵਿਚ ਰਹਿੰਦਾ ਹੈ। 28 ਫਰਵਰੀ ਦੀ ਰਾਤ ਲਗਭਗ 12 ਵਜੇ ਆਨੰਦ ਨੇ ਭੁਬਨੇਸ਼ਵਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਬਰਿੰਦਰ ਨੇ ਫੋਨ ‘ਤੇ ਆਨੰਦ ਦੇ ਪਿਤਾ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਪਿਤਾ ਨੇ ਜਦ ਆਨੰਦ ਦਾ ਮਿ੍ਤਕ ਸਰੀਰ ਦੇਖਿਆ ਤਾਂ ਉਸ ਦੇ ਗਲੇ ‘ਤੇ ਦੋ ਸੱਟ ਦੇ ਨਿਸ਼ਾਨ ਪਾਏ। ਆਨੰਦ ਦਾ ਵਿਆਹ ਹਾਦਸੇ ਤੋਂ 10 ਦਿਨ ਪਹਿਲਾਂ ਹੋਇਆ ਸੀ। ਬਰਿੰਦਰ ਲਾਕੜਾ ਤੇ ਆਨੰਦ ਬਚਪਨ ਦੇ ਦੋਸਤ ਸਨ। ਮਿ੍ਤਕ ਦੇ ਪਰਿਵਾਰ ਵਾਲੇ ਵੀ ਬਰਿੰਦਰ ਨੂੰ ਪੁੱਤਰ ਵਾਂਗ ਮੰਨਦੇ ਸਨ। ਬਰਿੰਦਰ ਦੇ ਵਿਆਹ ਦੌਰਾਨ ਵੀ ਸਾਰੇ ਪ੍ਰਰੋਗਰਾਮਾਂ ਵਿਚ ਆਨੰਦ ਦੇ ਮਾਤਾ-ਪਿਤਾ ਮੌਜੂਦ ਸਨ। ਮਿ੍ਤਕ ਦੇ ਪਰਿਵਾਰ ਵਾਲਿਆਂ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਦੋਸ਼ ਲਾਇਆ ਹੈ ਕਿ ਮੌਜੂਦਾ ਸਮੇਂ ਵਿਚ ਬਰਿੰਦਰ ਲਾਕੜਾ ਓਡੀਸ਼ਾ ਪੁਲਿਸ ਵਿਚ ਡੀਐੱਸਪੀ ਵਜੋਂ ਕੰਮ ਕਰ ਰਹੇ ਹਨ ਜਿਸ ਕਾਰਨ ਉਹ ਆਪਣੇ ਪ੍ਰਭਾਵ ਨਾਲ ਜਾਂਚ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਦੱਸਿਆ ਗਿਆ ਕਿ ਆਨੰਦ ਤੇ ਬਰਿੰਦਰ ਦੇ ਨਾਲ ਰਹਿਣ ਵਾਲੀ ਕੁਤਰਾ ਪ੍ਰਖੰਡ ਦੇ ਸਮਲੀਮੁੰਡਾ ਦੀ ਮੂਲ ਨਿਵਾਸੀ ਮਨਜੀਤ ਨੇ ਇਕੱਠੇ ਪੜ੍ਹਾਈ ਕੀਤੀ ਤੇ ਚੰਗੇ ਦੋਸਤ ਬਣ ਗਏ ਸਨ। ਜਿਸ ਦਿਨ ਆਨੰਦ ਦੀ ਮੌਤ ਹੋਈ ਉਸ ਦਿਨ ਸਿਰਫ਼ ਬਰਿੰਦਰ ਤੇ ਮਨਜੀਤ ਹੀ ਫਲੈਟ ਵਿਚ ਮੌਜੂਦ ਸਨ। ਬਾਥਰੂਮ ਤੋਂ ਨਿਕਲਣ ‘ਤੇ ਮਨਜੀਤ ਨੇ ਪਹਿਲਾਂ ਆਨੰਦ ਨੂੰ ਸਾੜੀ ਨਾਲ ਲਟਕਦਾ ਪਾਇਆ ਸੀ। ਜਦਕਿ ਬਰਿੰਦਰ ਦਾ ਕਹਿਣਾ ਹੈ ਕਿ ਉਹ ਉਸ ਸਮੇਂ ਗਾਣਾ ਸੁਣ ਰਿਹਾ ਸੀ। ਸਵਾਲ ਇਹ ਹੈ ਕਿ ਬਰਿੰਦਰ ਤੇ ਮਨਜੀਤ ਇਕ ਹੀ ਫਲੈਟ ਵਿਚ ਸਨ ਫਿਰ ਆਨੰਦ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਜਾਣਕਾਰੀ ਉਨ੍ਹਾਂ ਨੂੰ ਕਿਵੇਂ ਨਹੀਂ ਹੋਈ। ਮਿ੍ਤਕ ਦੇ ਮਾਤਾ ਪਿਤਾ ਨੇ ਭੁਬਨੇਸ਼ਵਰ ਪੁਲਿਸ ‘ਤੇ ਮਦਦ ਨਾ ਕਰਨ ਦਾ ਵੀ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਤਕ ਪੁੱਤਰ ਦੀ ਪੋਸਟਮਾਰਟਮ ਰਿਪੋਰਟ ਤਕ ਨਹੀਂ ਮਿਲ ਸਕੀ ਹੈ। ਇੱਥੇ ਤਕ ਕਿ ਪੁਲਿਸ ਨੇ ਉਨ੍ਹਾਂ ਦੀ ਐੱਫਆਈਆਰ ਤਕ ਨਹੀਂ ਲਈ। ਉਨ੍ਹਾਂ ਨੂੰ ਅੱਜ ਤਕ ਹਾਦਸੇ ਵਾਲੀ ਥਾਂ ਵਿਚ ਜਾਣ ਤਕ ਨਹੀਂ ਦਿੱਤਾ ਗਿਆ।