ਪੰਜਾਬ ਵਿਚ ਕਿਲ੍ਹਾ ਰਾਇਪੁਰ ਦੀਆਂ ਮਿੰਨੀ ਓਲੰਪਿਕ ਖੇਡਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ ਪਰ ਇਹ ਖੇਡਾਂ ਕੇਵਲ ਲੁਧਿਆਣੇ ਜ਼ਿਲ੍ਹੇ ਤਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ। ਅਜਿਹੀਆਂ ਖੇਡਾਂ ਕਰਵਾ ਕੇ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਪੰਜਾਬ ਦਾ ਕੋਈ ਹੋਰ ਜ਼ਿਲ੍ਹਾ ਅੱਗੇ ਨਹੀਂ ਆਇਆ। ਬਦਕਿਸਮਤੀ ਹੈ ਕਿ ਮਾਰਸ਼ਲ ਅਖਵਾਉਣ ਵਾਲੇ ਪੰਜਾਬੀ ਆਪਣੇ ਬੱਚਿਆਂ ਨੂੰ ਖੇਡ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਚੰਗੇ ਖਿਡਾਰੀ ਬਣਾਉਣ ਪ੍ਰਤੀ ਅਵੇਸਲੇ ਹੋ ਗਏ ਹਨ ਤੇ ਬੱਚੇ ਨਸ਼ਿਆਂ ਦੇ ਰਾਹ ਤੁਰ ਕੇ ਆਪਣੀਆਂ ਜਵਾਨੀਆਂ ਗਵਾ ਰਹੇ ਹਨ। ਪੰਜਾਬ ਦੀ ਇਹ ਵੀ ਤਰਾਸਦੀ ਰਹੀ ਹੈੈ ਕਿ ਕਿਸੇ ਸਰਕਾਰ ਨੇ ਬੱਚਿਆਂ ਨੂੰ ਖੇਡ ਸਹੂਲਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਚੰਗੇ ਖਿਡਾਰੀ ਬਣਾਉਣ ਅਤੇ ਨਸ਼ਿਆਂ ਤੋਂ ਬਚਾਉਣ ਲਈ ਕੋਈ ਵੀ ਸਾਰਥਿਕ ਕਦਮ ਨਹੀਂ ਚੁੱੁਕਿਆ।
ਆਸਟ੍ਰੇਲੀਆ ਜਾਣ ਵਾਲੇ ਬੱਚੇ ਭਾਵੇਂ ਪੀਆਰ ਲੈ ਕੇ ਗਏ ਜਾਂ ਫਿਰ ਪੜ੍ਹਾਈ ਦੇ ਆਧਾਰ ’ਤੇ ਗਏ, ਉਨ੍ਹਾਂ ਪੜ੍ਹਾਈ ਤੇ ਆਪਣੇ ਕਾਰੋਬਾਰ ਕਰਨ ਦੇ ਨਾਲ-ਨਾਲ ਖੇਡਾਂ ਵਿਚ ਰੁਚੀ ਹੀ ਨਹੀਂ ਵਿਖਾਈ ਸਗੋਂ ਉਨ੍ਹਾਂ ਆਪਣੀ ਹਿੰਮਤ, ਸ਼ੌਕ ਤੇ ਉਪਰਾਲਿਆਂ ਸਦਕਾ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸਥਾਪਨਾ ਕਰ ਕੇ ਬਹੁਤ ਵੱਡਾ ਮਾਅਰਕਾ ਮਾਰਿਆ ਤੇ ਪੂਰੀ ਦੁਨੀਆ ਵਿਚ ਪੰਜਾਬੀ ਖਿਡਾਰੀਆਂ ਅਤੇ ਖੇਡਾਂ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਦੀ ਵਿਲੱਖਣ ਪਛਾਣ ਬਣਾਈ ਹੈ। ਇਹ 32ਵੀਆਂ ਸਿੱਖ ਖੇਡਾਂ 2019 ’ਚ 19 ਤੋਂ 21 ਅਪ੍ਰੈਲ ਤਕ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਸ਼ਹਿਰ ਮੈਲਬੌਰਨ ਦੀ ਕੌਂਸਲ ਕੇਜੀ ਫੀਲਡ ’ਚ ਹੋਈਆਂ ਸਨ। ਇਹ ਖੇਡਾਂ ਆਸਟ੍ਰੇਲੀਆ ਵਿਚ 1987 ਵਿਚ ਸ਼ੁਰੂ ਹੋਈਆਂ ਸਨ। ਇਹ ਹਰ ਵਰ੍ਹੇ ਉਸ ਸ਼ਹਿਰ ਵਿਚ ਹੁੰਦੀਆਂ ਹਨ, ਜਿੱਥੇ ਪਹਿਲਾਂ ਖੇਡਾਂ ਹੋਈਆਂ ਨੂੰ 5 ਸਾਲ ਹੋ ਗਏ ਹੋਣ। ਭਾਵ ਕਿ ਇਹ ਖੇਡਾਂ ਕਿਸੇ ਵੀ ਸ਼ਹਿਰ ਵਿਚ ਹਰ ਛੇ ਵਰ੍ਹਿਆਂ ਬਾਅਦ ਹੁੰਦੀਆਂ ਆ ਰਹੀਆਂ ਹਨ। ਆਸਟ੍ਰੇਲੀਆ ਵਿਚ ਵੱਸਦੇ ਪੰਜਾਬੀ ਇਹ ਖੇਡਾਂ ਆਪਣੇ ਬਲਬੂਤੇ ਉੱਤੇ ਕਰਵਾਉਂਦੇ ਹਨ ਪਰ ਇਹ ਉਨ੍ਹਾਂ ਦੀ ਹਿੰਮਤ ਵੀ ਹੈ ਤੇ ਉਨ੍ਹਾਂ ਦਾ ਪ੍ਰਭਾਵ ਵੀ ਕਿ ਉਨ੍ਹਾਂ ਵੱਲੋਂ ਆਸਟ੍ਰੇਲੀਆ ਦੇ ਵਿਕਾਸ ਵਿਚ ਪਾਏ ਅਤੇ ਪਾਏ ਜਾ ਰਹੇ ਯੋਗਦਾਨ ਸਦਕਾ ਉੱਥੋਂ ਦੀਆਂ ਸੂਬਾ ਸਰਕਾਰਾਂ, ਦੇਸ਼ ਦੀ ਸਰਕਾਰ ਅਤੇ ਸਥਾਨਕ ਕੌਂਸਲਾਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੰਦੀਆਂ ਆਈਆਂ ਹਨ ਅਤੇ ਲਗਾਤਾਰ ਦੇ ਰਹੀਆਂ ਹਨ। ਇਹ ਸਹਿਯੋਗ ਵਿੱਤੀ ਰੂਪ ਵਿਚ ਵੀ ਹੈ ਅਤੇ ਖੇਡਾਂ ਲਈ ਸਟੇਡੀਅਮ ਬਿਨਾਂ ਕਿਸੇ ਖ਼ਰਚੇ ਤੋਂ ਮੁਹੱਈਆ ਕਰਵਾਉਣ ’ਚ ਵੀ ਹੈ। ਇੱਥੇ ਖੇਡਾਂ ਦੌਰਾਨ ਪੰਜਾਬੀਆਂ ਜਾਂ ਕਿਸੇ ਹੋਰ ਭਾਈਚਾਰੇ ਨੂੰ ਵੀ ਸੁਰੱਖਿਆ ਦੀ ਲੋੜ ਹੀ ਨਹੀਂ ਹੁੰਦੀ। ਖੇਡਾਂ ਪ੍ਰਭਾਵਸ਼ਾਲੀ ਤੇ ਅਸਰ-ਰਸੂਖ਼ ਭਰਪੂਰ ਸੰਸਥਾ ਆਸਟ੍ਰੇਲੀਅਨ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ ਦੀ ਸਰਪ੍ਰਸਤੀ ਹੇਠ ਸਮੁੱਚੀਆਂ ਸੰਸਥਾਵਾਂ ਭਾਵੇਂ ਉਹ ਸਮਾਜਿਕ, ਸਭਿਆਚਾਰਕ ਜਾਂ ਖੇਡ ਕਲੱਬ ਹਨ, ਦੇ ਸਹਿਯੋਗ ਨਾਲ ਹੁੰਦੀਆਂ ਆ ਰਹੀਆਂ ਹਨ।
ਵਿਲੱਖਣ ਸੱਭਿਆਚਾਰਕ ਪਛਾਣ
ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਆਤ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਦੇ ਕੁਝ ਸਿਰਕੱਢ ਮੈਂਬਰਾਂ ਵੱਲੋਂ 1987 ਵਿਚ ਹਾਕੀ ਦਾ ਦੋਸਤਾਨਾ ਮੈਚ ਕਰਵਾਇਆ ਗਿਆ ਸੀ। ਉਦੋਂ ਉਨ੍ਹਾਂ ਨੇ ਇਨ੍ਹਾਂ ਖੇਡਾਂ ਨੂੰ ‘ਆਸਟ੍ਰੇਲੀਅਨ ਸਿੱਖ ਖੇਡਾਂ’ ਵਜੋਂ ਸਥਾਪਤ ਕੀਤਾ ਤਾਂ ਜੋ ਉਨ੍ਹਾਂ ਦੀ ਵੱਖਰੀ ਪਛਾਣ ਹੋਵੇ। ਅੱਜ ਇਨ੍ਹਾਂ ਖੇਡਾਂ ਨੇ ਸਿੱਖ ਭਾਈਚਾਰੇ ਦੀ ਵਿਲੱਖਣ ਸੱਭਿਆਚਾਰਕ ਪਛਾਣ ਸਥਾਪਤ ਕਰ ਦਿੱਤੀ ਹੈ। ਅਗਲੇ ਸਾਲਾਂ ਵਿਚ ਇਨ੍ਹਾਂ ਖੇਡਾਂ ’ਚ ਕਬੱਡੀ ਤੇ ਫੁੁੱਟਬਾਲ ਦੀ ਖੇਡ ਵੀ ਸ਼ਾਮਲ ਕੀਤੀ ਗਈ। ਇਹ ਖੇਡਾਂ ਹਰ ਵਰ੍ਹੇ ਅਪ੍ਰੈਲ ਦੇ ਮਹੀਨੇ ਵਿਚ ਕਰਵਾਈਆਂ ਜਾਂਦੀਆਂ ਹਨ।