ਪਟਿਆਲਾ-ਸ਼ਹਿਰ ਵਿੱਚ 13 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਪਟਿਆਲਾ ਹੈਰੀਟੇਜ ਫ਼ੈਸਟੀਵਲ ਤੇ 14 ਫਰਵਰੀ ਤੋਂ ਸ਼ੀਸ਼ ਮਹਿਲ ਵਿੱਚ ਲੱਗਣ ਵਾਲੇ ਸਾਰਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਇਸ ਮੌਕੇ ਪਟਿਆਲਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਹੈਰੀਟੇਜ ਫ਼ੈਸਟੀਵਲ ਦੀ ਸ਼ੁਰੂਆਤ 13 ਫਰਵਰੀ ਨੂੰ ਸਵੇਰੇ 7 ਵਜੇ ਐਨਵਾਇਰਨਮੈਂਟ ਪਾਰਕ ਪਟਿਆਲਾ ਤੋਂ ਨੇਚਰ ਵਾਕ ਨਾਲ ਹੋਵੇਗੀ ਤੇ 9 ਵਜੇ ਬਾਰਾਂਦਰੀ ਬਾਗ਼ ਵਿੱਚ ਹੈਰੀਟੇਜ ਫੂਡ ਅਤੇ ਫਲਾਵਰ ਫ਼ੈਸਟੀਵਲ ਲੱਗੇਗਾ। ਇਸ ਮਗਰੋਂ ਸ਼ਾਮ 6 ਵਜੇ ਹਰਪਾਲ ਟਿਵਾਣਾ ਕਲਾ ਕੇਂਦਰ ਨਾਭਾ ਰੋਡ ਵਿੱਚ ਅਦਾਕਾਰਾ ਪਦਮਸ੍ਰੀ ਨਿਰਮਲ ਰਿਸ਼ੀ ਇਤਿਹਾਸਕ ਨਾਟਕ ‘ਸਰਹਿੰਦ ਦੀ ਦੀਵਾਰ’ ਖੇਡਣਗੇ।
ਉਨ੍ਹਾਂ ਦੱਸਿਆ ਕਿ 14 ਨੂੰ ਸਵੇਰੇ 8.30 ਵਜੇ ਸ਼ਾਹੀ ਸਮਾਧਾਂ ਤੋਂ ਕਿਲ੍ਹਾ ਮੁਬਾਰਕ ਤੱਕ ਹੈਰੀਟੇਜ ਵਾਕ ਹੋਵੇਗੀ ਤੇ ਦੁਪਹਿਰ ਇੱਕ ਵਜੇ ਸ਼ੀਸ਼ ਮਹਿਲ ਵਿੱਚ ਸਾਰਸ ਮੇਲੇ ਦਾ ਉਦਘਾਟਨ ਹੋਵੇਗਾ। ਸ਼ਾਮ 6 ਵਜੇ ਪੋਲੋ ਗਰਾਊਂਡ ਵਿੱਚ ਲਖਵਿੰਦਰ ਵਡਾਲੀ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਣਗੇ। 15 ਨੂੰ ਸਵੇਰੇ 11 ਵਜੇ ਸੰਗਰੂਰ ਰੋਡ ’ਤੇ ਪਟਿਆਲਾ ਏਵੀਏਸ਼ਨ ਕੰਪਲੈਕਸ ਸਿਵਲ ਏਅਰੋਡਰਮ ਵਿੱਚ ਏਅਰੋ ਸ਼ੋਅ ਕਰਵਾਇਆ ਜਾ ਰਿਹਾ ਹੈ ਤੇ ਸ਼ਾਮਲ 6 ਵਜੇ ਕਿਲ੍ਹਾ ਮੁਬਾਰਕ ਵਿੱਚ ਰਵਾਇਤੀ ਪੰਜਾਬੀ ਪਹਿਰਾਵੇ ਦਾ ਫ਼ੈਸ਼ਨ ਸ਼ੋਅ ‘ਰੰਗ ਪੰਜਾਬ ਦੇ’ ਪੇਸ਼ ਕੀਤਾ ਜਾਵੇਗਾ। 16 ਫਰਵਰੀ ਨੂੰ ਸਵੇਰੇ 9 ਵਜੇ ਪੋਲੋ ਗਰਾਊਂਡ ਵਿੱਚ ਪਟਿਆਲਾ ਕੈਨਲ ਕਲੱਬ ਵੱਲੋਂ 62ਵੇਂ ਤੇ 63ਵੇਂ ਆਲ ਬਰੀਡ ਚੈਂਪੀਅਨਸ਼ਿਪ ਤਹਿਤ ਡਾਗ ਸ਼ੋਅ ਕਰਵਾਇਆ ਜਾਵੇਗਾ ਤੇ ਨਾਲ ਹੀ ਖਾਲਸਾ ਕਾਲਜ ਵਿੱਚ ਸਵੇਰੇ 9 ਵਜੇ ਪਟਿਆਲਾ ਮਿਲਟਰੀ ਲਿਟਰੇਚਰ ਫ਼ੈਸਟੀਵਲ ਹੋਵੇਗਾ। ਇਸੇ ਸ਼ਾਮ 6 ਵਜੇ ਕਿਲ੍ਹਾ ਮੁਬਾਰਕ ਵਿੱਚ ਵਿਸ਼ਵ ਪ੍ਰਸਿੱਧ ਸਿਤਾਰ ਨਵਾਜ਼ ਨਿਲਾਦਰੀ ਕੁਮਾਰ ਨਾਲ ਰੂਹਾਨੀ ਸ਼ਾਮ ਤੇ ਤਬਲਾ ਸੰਗਤ-ਪ੍ਰਸਿੱਧ ਤਬਲਾ ਵਾਦਕ ਸਤਿਅਜੀਤ ਤਲਵਲਕਰ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ।\B
ਸਾਰਸ ਮੇਲੇ ਵਿੱਚ ਪੁੱਜਣਗੇ 16 ਰਾਜਾਂ ਦੇ 300 ਕਲਾਕਾਰ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਰਸ ਮੇਲੇ ’ਚ ਉਤਰ ਖੇਤਰੀ ਸਭਿਆਚਾਰਕ ਕੇਂਦਰ ਵੱਲੋਂ 16 ਰਾਜਾਂ ਦੇ 300 ਤੋਂ ਵਧੇਰੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਹੋਣਗੀਆਂ। ਇਨ੍ਹਾਂ ’ਚ ਪੰਜਾਬ ਦੇ ਲੋਕ ਨਾਚਾਂ, ਮੁਰਲੀ ਰਾਜਸਥਾਨੀ ਦੀ ਪੰਜਾਬੀ ਲੋਕ ਗਾਇਕੀ, ਰਾਜਸਥਾਨ ਦਾ ਤੇਰਾਤਾਲ, ਹਰਿਆਣਾ ਦਾ ਘੂਮਰ, ਗੁਜਰਾਤ ਦਾ ਸਿੱਧੀ ਧਮਾਲ, ਉਤਰਾਖੰਡ ਦੇ ਛਪੇਲੀ, ਹਿਮਾਚਲ ਪ੍ਰਦੇਸ਼ ਦੇ ਨਾਟੀ, ਆਂਧਰਾ ਪ੍ਰਦੇਸ਼ ਦੇ ਤਪੜਗੁਲੂ ਨਾਚ, ਅਸਾਮ ਦੇ ਬੀਹੂ, ਛੱਤੀਸਗੜ੍ਹ ਦੇ ਪੰਥੀ, ਉੜੀਸਾ ਦੇ ਗੋਟੀਪੁਆ, ਜੰਮੂ ਕਸ਼ਮੀਰ ਦੀ ਧਮਾਲੀ ਦੀਆਂ ਪੇਸ਼ਕਾਰੀਆਂ ਹੋਣਗੀਆਂ। ਜਦਕਿ ਮੇਲੇ ‘ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਬੰਚਾਰੀ ਦਾ ਨਗਾੜਾ, ਬਹੁਰੂਪੀਏ, ਕੱਚੀ ਘੋੜੀ, ਪੌੜੀ ‘ਤੇ ਤੁਰਨ ਵਾਲੇ, ਬਾਜ਼ੀਗਰ ਸਮੇਤ ਹੋਰ ਅਹਿਮ ਦਿਲਲੁਭਾਊ ਮਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬੰਨ੍ਹਣਗੇ।