Terrorist Threats Narendra Modi Virat kohli : ਨਵੀਂ ਦਿੱਲੀ: 3 ਨਵੰਬਰ ਤੋਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਹੋ ਰਹੀ ਹੈ । ਇਸ ਮੁਕਾਬਲੇ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਭਾਰਤੀ ਕ੍ਰਿਕਟ ਟੀਮ ਦੀ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਹੈ । ਭਾਰਤ ਤੇ ਬੰਗਲਾਦੇਸ਼ ਵਿਚਾਲੇ ਇਹ ਪਹਿਲਾ ਮੈਚ ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾਵੇਗਾ ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਭਾਰਤੀ ਟੀਮ ‘ਤੇ ਅੱਤਵਾਦੀ ਹਮਲਾ ਹੋਣ ਦਾ ਡਰ ਹੈ । ਇਸ ਕਾਰਨ NIA ਵੱਲੋਂ ਦਿੱਲੀ ਪੁਲਿਸ ਨੂੰ ਦੋਵਾਂ ਟੀਮਾਂ ਦੀ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਹੈ । ਇਸ ਸਬੰਧੀ ਇੱਕ ਗੁੰਮਨਾਮ ਚਿੱਠੀ ਭੇਜਿਆ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੋਝੀਕੋਡ ਸਥਿਤ ਆਲ ਇੰਡੀਆ ਲਸ਼ਕਰ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਅਰੁਣ ਜੇਤਲੀ ਸਟੇਡੀਅਮ ਵਿੱਚ ਮੌਜੂਦ ਹੋਰਨਾਂ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ ।
ਦੱਸਿਆ ਜਾ ਰਿਹਾ ਹੈ ਕਿ ਆਲ ਇੰਡੀਆ ਲਸ਼ਕਰ ਨਾਂ ਦੀ ਇਸ ਸੰਸਥਾ ਵੱਲੋਂ ਇੱਕ ਹਿੱਟ ਲਿਸਟ ਤਿਆਰ ਕੀਤੀ ਗਈ ਹੈ ਜੋ NIA ਨੂੰ ਭੇਜੀ ਗਈ ਹੈ । ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਸਰਸੰਘ ਦੇ ਡਾਇਰੈਕਟਰ ਮੋਹਨ ਭਾਗਵਤ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਬੀਜੇਪੀ ਕਾਰਜਕਾਰੀ ਚੇਅਰਮੈਨ ਜੇ ਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ, ਬੀਜੇਪੀ ਜਨਰਲ ਸਕੱਤਰ ਰਾਮਮਾਧਵ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਂ ਸ਼ਾਮਿਲ ਹੈ । ਇਸ ਖੁਲਾਸੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਪਾਕਿਸਤਾਨ ਵੱਲੋਂ ਇਕ ਹੋਰ ਨਾਪਾਕ ਚਾਲ ਚੱਲੀ ਜਾ ਰਹੀ ਹੈ ।
ਦੱਸ ਦੇਈਏ ਕਿ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਬੁਖਲਾਇਆ ਹੋਇਆ ਹੈ । ਜਿਸ ਕਾਰਨ ਪਾਕਿਸਤਾਨ ਭਾਰਤ ਵਿੱਚ ਅੱਤਵਾਦੀ ਹਮਲੇ ਕਰਵਾਉਣ ਦੀ ਕੋਸ਼ਿਸ਼ ਵਿੱਚ ਹੈ ।