47.34 F
New York, US
November 21, 2024
PreetNama
ਖਾਸ-ਖਬਰਾਂ/Important News

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਆਏ ਪੰਜਾਬ ‘ਚ ਚੱਲ ਰਹੇ ਡੇਰੇ, ਖੁਫੀਆ ਏਜੰਸੀਆਂ ਵੱਲੋਂ 87 ਡੇਰਿਆਂ ਦੀ ਪਛਾਣ

ਚੰਡੀਗੜ੍ਹ: ਪੰਜਾਬ ਵਿੱਚ ਚੱਲ ਰਹੇ ਵੱਖ ਵੱਖ ਡੇਰੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਅੱਤਵਾਦੀ ਇੱਥੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਹ ਖ਼ੁਲਾਸਾ ਹਥਿਆਰਾਂ ਨਾਲ ਫੜੇ ਅੱਤਵਾਦੀਆਂ ਤੇ ਅੰਮ੍ਰਿਤਸਰ ਦੇ ਨਿਰੰਕਾਰੀ ਕੈਂਪ ਧਮਾਕੇ ਦੇ ਦੋਸ਼ੀ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਹੋਇਆ ਹੈ।

ਇਸ ਖੁਲਾਸੇ ਤੋਂ ਬਾਅਦ ਖੁਫੀਆ ਏਜੰਸੀਆਂ ਹੋਰ ਸਾਵਧਾਨ ਹੋ ਗਈਆਂ ਹਨ। ਹਾਲਾਂਕਿ ਇਹ ਸਾਰੇ ਡੇਰੇ ਪਹਿਲਾਂ ਤੋਂ ਹੀ ਸਖ਼ਤ ਸੁੱਰਖਿਆ ਦੇ ਘੇਰੇ ਵਿੱਚ ਹਨ ਅਤੇ ਇਨ੍ਹਾਂ ਡੇਰਿਆਂ ਦੇ ਆਪਣੇ ਸੁਰੱਖਿਆ ਕਰਮਚਾਰੀ ਵੀ ਹਨ, ਫਿਰ ਵੀ ਸਰਕਾਰ ਇਨ੍ਹਾਂ ਡੇਰਿਆਂ ਦੀ ਸੁਰੱਖਿਆ ਹੋਰ ਵਧਾਏਗੀ। ਇਸ ਨਾਲ ਹੀ ਇੱਥੇ ਇੰਟੈਲੀਜੈਂਸ ਕਰਮੀਆਂ ਦੀ ਤਾਇਨਾਤੀ ਵੀ ਕੀਤੀ ਜਾਏਗੀ।

ਪੁੱਛਗਿੱਛ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਅੱਤਵਾਦੀ ਘੁਸਪੈਠ ਸਰਹੱਦ ‘ਤੇ ਸਥਿਤ ਮਾਝੇ ਦੇ ਵੱਖ-ਵੱਖ ਛੋਟੇ ਡੇਰਿਆਂ ਦਾ ਸਹਾਰਾ ਲੈ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਇਨ੍ਹਾਂ ਡੇਰਿਆਂ ਵਿੱਚ ਹੀ ਠਹਿਰੇ ਸਨ। ਇਸ ਲਈ ਹੁਣ ਇੰਟੈਲੀਜੈਂਸ ਵੀ ਇਨ੍ਹਾਂ ਡੇਰਿਆਂ ‘ਤੇ ਵਿਸ਼ੇਸ਼ ਨਜ਼ਰ ਰੱਖੇਗੀ।

ਸੂਤਰਾਂ ਅਨੁਸਾਰ ਪੰਜਾਬ ਵਿੱਚ ਤਕਰੀਬਨ 250 ਡੇਰੇ ਹਨ, ਪਰ ਇੰਟੈਲੀਜੈਂਸ ਨੇ 87 ਡੇਰਿਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀ ਇੰਟੈਲੀਜੈਂਸ ਤੇ ਹੋਰ ਖੁਫੀਆ ਏਜੰਸੀਆਂ ਵੱਲੋਂ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਖਦਸ਼ਾ ਹੈ ਕਿ ਅੱਤਵਾਦੀ ਅਤੇ ਕੱਟੜਪੰਥੀ ਸਮੂਹ ਇਨ੍ਹਾਂ ਡੇਰਿਆਂ ‘ਤੇ ਕੋਈ ਵੀ ਘਟਨਾ ਨੂੰ ਅੰਜਾਮ ਦੇ ਕੇ ਮਾਹੌਲ ਨੂੰ ਖਰਾਬ ਕਰ ਸਕਦੇ ਹਨ।

ਮੰਗਲਵਾਰ ਨੂੰ ਡੇਰਿਆਂ ਦੀ ਸੁਰੱਖਿਆ ਲਈ ਇੱਕ ਬੈਠਕ ਹੋਵੇਗੀ। ਇਸ ਵਿੱਚ ਪਹਿਲਾਂ ਤੋਂ ਦਿੱਤੀ ਗਈ ਸੁਰੱਖਿਆ ਦੇ ਸਬੰਧ ਵਿੱਚ ਇਨ੍ਹਾਂ ਸਾਰੇ ਡੇਰਿਆਂ ਦੀ ਸਮੀਖਿਆ ਕੀਤੀ ਜਾਵੇਗੀ। ਇਹ ਵੇਖਿਆ ਜਾਵੇਗਾ ਕਿ ਕਿਹੜੇ ਡੇਰੇ ਨੂੰ ਕਿੰਨਾ ਖਤਰਾ ਹੈ ਅਤੇ ਪਹਿਲਾਂ ਤੋਂ ਉੱਥੇ ਕਿੰਨੀ ਸੁਰੱਖਿਆ ਤਾਇਨਾਤ ਹੈ।

ਇਸ ਦੇ ਨਾਲ ਹੀ, ਇਹ ਵੀ ਵਿਚਾਰਿਆ ਜਾਵੇਗਾ ਕਿ ਕੀ ਸੁਰੱਖਿਆ ਨੂੰ ਵਧਾਉਣ ਜਾਂ ਘਟਾਉਣ ਦੀ ਜ਼ਰੂਰਤ ਹੈ ਜਾਂ ਨਹੀਂ। ਬੈਠਕ ਵਿੱਚ ਇਹ ਵੀ ਫੈਸਲਾ ਲਿਆ ਜਾਵੇਗਾ ਕਿ ਖੁਫੀਆ ਮੁਲਾਜ਼ਮ ਇਨ੍ਹਾਂ ਡੇਰਿਆਂ ਵਿੱਚ ਤਾਇਨਾਤ ਕੀਤੇ ਜਾਣ, ਜੋ ਇਨ੍ਹਾਂ ‘ਤੇ ਵਿਸ਼ੇਸ਼ ਨਜ਼ਰ ਰੱਖ ਸਕਣ ਤੇ ਕਿਸੇ ਅਣਸੁਖਾਵੀਂ ਘਟਨਾ ਬਾਰੇ ਪਹਿਲਾਂ ਤੋਂ ਜਾਣਕਾਰੀ ਹਾਸਲ ਕਰ ਸਕਣ ਤਾਂ ਕਿ ਜਾਨ-ਮਾਲ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।

Related posts

ਲੋਕ ਸੋਚ-ਸਮਝ ਕੇ ਨਿਕਲਣ ਘਰੋਂ ! ਕਿਸਾਨਾਂ ਨੇ ਜਲੰਧਰ-ਲੁਧਿਆਣਾ ਹਾਈਵੇ ‘ਤੇ ਲਾਇਆ ਧਰਨਾ

On Punjab

ਐਂਟੀਬਾਇਓਟਿਕ ’ਚ ਦਿਖੀ ਸਕਿਨ ਕੈਂਸਰ ਦੇ ਇਲਾਜ ਦੀ ਉਮੀਦ, ਪੜ੍ਹੋ-ਖੋਜ ’ਚ ਸਾਹਮਣੇ ਆਈਆਂ ਗੱਲਾਂ

On Punjab

ਕੇਜਰੀਵਾਲ ਦੀ ਪਦਯਾਤਰਾ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ, ਦਸੰਬਰ ਤਕ ਰਹੇਗੀ ਜਾਰੀ; ਸੰਜੇ ਸਿੰਘ ਨੇ ਦੱਸੀ ਯੋਜਨਾ ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਮੁਫ਼ਤ ਬਿਜਲੀ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ, ਮੁਹੱਲਾ ਕਲੀਨਿਕ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਸੀਸੀਟੀਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਬੱਸ ਮਾਰਸ਼ਲ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਕੇਜਰੀਵਾਲ ਨੇ ਸਖ਼ਤ ਸੰਘਰਸ਼ ਕੀਤਾ ਤੇ ਦਿੱਲੀ ਵਿੱਚ ਹਰ ਕੰਮ ਕਰਵਾ ਦਿੱਤਾ।

On Punjab