ਬੀਜ਼ਿੰਗ: ਜਦੋਂ ਪਾਕਿਸਤਾਨ ਅੱਤਵਾਦ ਕਰਕੇ ਦੁਨੀਆ ਦੇ ਕਈ ਦੇਸ਼ਾਂ ਦੇ ਸਵਾਲਾਂ ਦੇ ਘੇਰੇ ‘ਚ ਹੈ, ਅਜਿਹੇ ‘ਚ ਚੀਨ ਮੁੜ ਪਾਕਿਸਤਾਨ ਦੇ ਬਚਾਅ ‘ਚ ਆਇਆ ਹੈ। ਅੱਜ ਇੱਕ ਬਿਆਨ ਦਿੰਦਿਆਂ ਚੀਨ ਨੇ ਕਿਹਾ ਕਿ ਅੱਤਵਾਦ ਸਾਰੇ ਦੇਸ਼ਾਂ ਲਈ ਚੁਣੌਤੀ ਹੈ ਤੇ ਪਾਕਿਸਤਾਨ ਨੇ ਇਸ ਖਿਲਾਫ ਲੜਦਿਆਂ ਬਲੀਦਾਨ ਦਿੱਤੇ ਹਨ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਨ ਨੇ ਕਿਹਾ, “ਅੱਤਵਾਦ ਸਾਰੇ ਦੇਸ਼ਾਂ ਲਈ ਚੁਣੌਤੀ ਹੈ। ਪਾਕਿਸਤਾਨ ਨੇ ਇਸ ਵਿਰੁੱਧ ਲੜਦਿਆਂ ਕੁਰਬਾਨੀਆਂ ਦਿੱਤੀਆਂ ਹਨ ਤੇ ਸ਼ਲਾਘਾਯੋਗ ਕਦਮ ਚੁੱਕੇ ਹਨ। ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਦਾ ਆਦਰ ਕਰਨਾ ਚਾਹੀਦਾ ਹੈ। ਚੀਨ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ।“
ਦੱਸ ਦੇਈਏ ਕਿ ਭਾਰਤ ਤੇ ਅਮਰੀਕਾ ਨੇ ਵੀਰਵਾਰ ਨੂੰ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਖਿਲਾਫ ਤੁਰੰਤ, ਨਿਰੰਤਰ ਤੇ ਅਟੱਲ ਕਾਰਵਾਈ ਕਰਨ ਦੀ ਜ਼ਰੂਰਤ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਸ ਦੇ ਨਿਯੰਤਰਣ ਵਾਲੇ ਕਿਸੇ ਵੀ ਖੇਤਰ ਨੂੰ ਅੱਤਵਾਦੀ ਗਤੀਵਿਧੀਆਂ ਲਈ ਨਾ ਵਰਤਿਆ ਜਾਏ।“
ਇੰਨਾ ਹੀ ਨਹੀਂ ਐਫਏਟੀਐਫ ਦੀ ਬੈਠਕ ਅਗਲੇ ਮਹੀਨੇ ਹੋਣੀ ਹੈ। ਪਾਕਿਸਤਾਨ ਨੂੰ ਬਲੈਕ ਲਿਸਟ ਵਿੱਚ ਪਾਉਣ ਬਾਰੇ ਫੈਸਲਾ ਹੋ ਸਕਦਾ ਹੈ। ਜੂਨ 2018 ਵਿਚ ਪੈਰਿਸ ਤੋਂ ਵਿੱਤੀ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਨੂੰ ‘ਗ੍ਰੇ’ (ਸ਼ੱਕੀ) ਸੂਚੀ ਵਿੱਚ ਪਾ ਦਿੱਤਾ ਤੇ ਇਸਲਾਮਾਬਾਦ ਨੂੰ ਕਾਰਜ ਯੋਜਨਾ ਨੂੰ 2019 ਤਕ ਲਾਗੂ ਕਰਨ ਲਈ ਕਿਹਾ। ਹਾਲਾਂਕਿ, ਕੋਵਿਡ -19 ਮਹਾਮਾਰੀ ਕਰਕੇ ਡੈੱਡਲਾਈਨ ਨੂੰ ਵਧਾ ਦਿੱਤਾ ਗਿਆ ਸੀ।