ਅਮਰੀਕਾ ਦੇ ਸਾਬਕਾ ਡਿਪਲੋਮੈਟ ਜਾਰਜ ਮੂਸ ਨੇ ਮੰਗਲਵਾਰ ਨੂੰ ਕਿਹਾ ਕਿ ਅੱਤਵਾਦ ਦੇ ਮਾਮਲੇ ਵਿਚ ਭਾਰਤ ਉਨ੍ਹਾਂ ਦੇ ਦੇਸ਼ ਤੋਂ ਕਿਤੇ ਜ਼ਿਆਦਾ ਪੀੜਤ ਰਿਹਾ ਹੈ। ਭਾਰਤ ਨਾ ਸਿਰਫ਼ ਅੱਤਵਾਦ ਖ਼ਿਲਾਫ਼ ਲੜਾਈ ਵਿਚ, ਬਲਕਿ ਭੂ-ਰਣਨੀਤਕ ਤੇ ਸੁਰੱਖਿਆ ਮਾਮਲਿਆਂ ਵਿਚ ਵੀ ਅਮਰੀਕਾ ਦਾ ਅਹਿਮ ਭਾਈਵਾਲ ਰਿਹਾ ਹੈ ਅਤੇ ਅੱਗੇ ਵੀ ਰਹੇਗਾ।
ਸੰਯੁਕਤ ਰਾਜ ਸ਼ਾਂਤੀ ਸੰਸਥਾਨ (ਯੂਐੱਸਆਈਪੀ) ਦੇ ਉਪ ਪ੍ਰਧਾਨ ਮੂਸ ਨੇ ਵਾਸ਼ਿੰਗਟਨ ’ਚ ‘9/11 ਦੇ 20 ਸਾਲ : ਅਮਰੀਕੀ ਸ਼ਾਂਤੀ ਨਿਰਮਾਣ ਨੀਤੀ ਦਾ ਵਿਕਾਸ’ ਵਿਸ਼ੇ ’ਤੇ ਆਨਲਾਈਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਾ ਅੱਤਵਾਦ ਨਾਲ ਨਜਿੱਠਣ ਦੇ ਭਾਰ ਦੇ ਤੌਰ-ਤਰੀਕਿਆਂ ਦਾ ਵੀ ਸਨਮਾਨ ਕਰਦਾ ਹੈ। ਮੂਸ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਦੀ ਤਰ੍ਹਾਂ ਅੱਤਵਾਦ ਨਾਲ ਪੀੜਤ ਰਿਹਾ ਭਾਰਤ ਵੀ ਇਸ ਸਮੱਸਿਆ ਨਾਲ ਨਜਿੱਠਣ ਵਿਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ ਤਾਂ ਮੂਸ ਨੇ ਹਾਂ ਵਿਚ ਜਵਾਬ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਜਾਣਦੇ ਹਾਂ ਕਿ ਜਦੋਂ ਅੱਤਵਾਦੀ ਹਮਲਿਆਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਨੂੰ ਅਮਰੀਕਾ ਤੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ ਹੈ। ਅਸੀਂ ਭਾਰਤ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਤੇ ਨਿਯਮਾਂ ਦੇ ਸੰਦਰਭ ਵਿਚ ਅੱਤਵਾਦ ਨਾਲ ਨਜਿੱਠਣ ਦੇ ਤੌਰ-ਤਰੀਕਿਆਂ ਦਾ ਸਨਮਾਨ ਕਰਦੇ ਹਾਂ।’
