ਜੈਪੁਰ: ਕਿਰਨ ਰਾਓ ਦੇ ਨਿਰਦੇਸ਼ਨ ਵਾਲੀ ਫਿਲਮ ‘ਲਾਪਤਾ ਲੇਡੀਜ਼’ ਨੂੰ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਆਈਐੱਫਏ) ਐਵਾਰਡਜ਼ ਵਿੱਚ ਬਿਹਤਰੀਨ ਫਿਲਮ ਅਤੇ ਬਿਹਤਰੀਨ ਨਿਰਦੇਸ਼ਨ ਸਣੇ ਦਸ ਵਰਗਾਂ ’ਚ ਸਨਮਾਨ ਮਿਲੇ ਹਨ। ਇਹ ਸਮਾਗਮ ਜੈਪੁਰ ਵਿੱਚ ਹੋਇਆ, ਜਿੱੱਥੇ ਵੱਡੀ ਗਿਣਤੀ ਫਿਲਮੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਫਿਲਮ ਨੂੰ ਭਾਰਤ ਦੀ ਆਸਕਰ ਐਂਟਰੀ ਲਈ ਚੁਣਿਆ ਗਿਆ ਸੀ। ਇਸ ਸ਼ੋਅ ਦੌਰਾਨ ਫਿਲਮ ‘ਲਾਪਤਾ ਲੇਡੀਜ਼’ ਨੇ ਸਾਰੇ ਮੁੱਖ ਵਰਗਾਂ ’ਤੇ ਕਬਜ਼ਾ ਕੀਤਾ ਹੈ। ਇਨ੍ਹਾਂ ਵਿੱਚ ਰਾਓ ਨੂੰ ਮਿਲਿਆ ਬਿਹਤਰੀਨ ਨਿਰਦੇਸ਼ਕ ਦਾ ਸਨਮਾਨ ਵੀ ਸ਼ਾਮਲ ਹੈ। ਇਸੇ ਤਰ੍ਹਾਂ ਨਿਤਾਂਸ਼ੀ ਗੋਇਲ ਨੂੰ ਗੁਆਚੀ ਦੁਲਹਨ ਫੂਲ ਦੀ ਭੂਮਿਕਾ ਲਈ ਬਿਹਤਰੀਨ ਪ੍ਰਦਰਸ਼ਨ (ਮਹਿਲਾ) ਦਾ ਪੁਰਸਕਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਸਨਮਾਨ ਹਾਸਲ ਕਰਨ ਵੇਲੇ ਰਾਓ ਨੇ ਕਿਹਾ ਕਿ ‘ਲਾਪਤਾ ਲੇਡੀਜ਼’ ਵਰਗੀ ਫਿਲਮ ਨੂੰ ਸਨਮਾਨ ਮਿਲਣਾ ਬਹੁਤ ਵੱਡੀ ਗੱਲ ਹੈ। ਉਸ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਰਾਤ ਹੈ। ਉਸ ਨੇ ਕਿਹਾ ਕਿ ਇਹ ਫਿਲਮ ਬਣਾਉਣ ਦਾ ਵਿਲੱਖਣ ਤਜਰਬਾ ਰਿਹਾ ਹੈ। ਉਸ ਨੇ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਮਿਲੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਸ ਨੇ ਕਿਹਾ ਕਿ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਕੁਝ ਦਰਸ਼ਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਫਿਲਮ ਨੂੰ ਇੱਕ ਨਹੀਂ ਬਲਕਿ ਕਈ-ਕਈ ਵਾਰ ਦੇਖਿਆ ਹੈ। ਰਾਓ ਨੇ ਕਿਹਾ ਕਿ ਇਹ ਹੀ ਉਹ ਪਿਆਰ ਹੈ ਜੋ ਇੱਕ ਨਿਰਦੇਸ਼ਕ ਚਾਹੁੰਦਾ ਹੈ। ਇਸ ਦੌਰਾਨ ਬੌਲੀਵੁੱਡ ਅਦਾਕਾਰ ਕਾਰਤਿਕ ਆਰਿਅਨ ਨੂੰ ਫਿਲਮ ‘ਭੂਲ ਭੁਲੱਈਆ 3’ ਦੇ ਮੁੱਖ ਕਿਰਦਾਰ ਲਈ ਬਿਹਤਰੀਨ ਪ੍ਰਦਰਸ਼ਨ (ਪੁਰਸ਼) ਦਾ ਐਵਾਰਡ ਮਿਲਿਆ ਹੈ। ਸਨਮਾਨ ਹਾਸਲ ਕਰਨ ਸਮੇਂ ਉਸ ਨੇ ਕਿਹਾ ਕਿ ਜਦੋਂ ਉਸ ਨੇ ਇਸ ਕਿਰਦਾਰ ਦੀ ਚੋਣ ਕੀਤੀ ਸੀ ਤਾਂ ਕਈ ਦਰਸ਼ਕਾਂ ਨੇ ਉਸ ਦੇ ਪ੍ਰਦਰਸ਼ਨ ’ਤੇ ਸ਼ੱਕ ਜ਼ਾਹਰ ਕੀਤਾ ਸੀ। ਇਸ ਦੌਰਾਨ ਪ੍ਰਸ਼ਾਂਤ ਪਾਂਡੇ ਨੂੰ ਗੀਤ ‘ਸਜਨੀ’ ਲਈ ਬਿਹਤਰੀਨ ਗੀਤਕਾਰ ਦਾ ਐਵਾਰਡ ਮਿਲਿਆ ਹੈ, ਜਦੋਂਕਿ ਰਾਮ ਸੰਪਤ ਨੂੰ ਬਿਹਤਰੀਨ ਸੰਗੀਤਕਾਰ ਦਾ ਸਨਮਾਨ ਮਿਲਿਆ। ਡੈਬਿਊ ਵਰਗ ’ਚ ‘ਮਡਗਾਓਂ ਐਕਸਪ੍ਰੈੱਸ’ ਲਈ ਬਿਹਤਰੀਨ ਨਿਰਦੇਸ਼ਕ ਦਾ ਐਵਾਰਡ ਕੁਨਾਲ ਖੇਮੂ ਦੇ ਹਿੱਸੇ ਆਇਆ। ਲਕਸ਼ਯ ਲਾਲਵਾਨੀ ਫਿਲਮ ‘ਕਿਲ’ ਵਿੱਚ ਕੀਤੀ ਅਦਾਕਾਰੀ ਲਈ ਬਿਹਤਰੀਨ ਡੈਬਿਊ (ਪੁਰਸ਼) ਚੁਣਿਆ ਗਿਆ। ਇਸ ਦੌਰਾਨ ਫਿਲਮ ਨਿਰਮਾਤਾ ਰਾਕੇਸ਼ ਰੌਸ਼ਨ ਨੂੰ ਆਊਟਸਟੈਂਡਿੰਗ ਅਚੀਵਮੈਂਟ ਨਾਲ ਸਨਮਾਨਿਆ ਗਿਆ।
previous post