ਅਫ਼ਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਨੇ ਕਿਹਾ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ‘ਚ ਸਾਰੇ ਕੰਮਾਂ ਨੂੰ ਪਾਕਿ ਖ਼ੁਫ਼ੀਆ ਏਜੰਸੀ ਆਈਐੱਸਆਈ ਹੀ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਸ਼ੀਰ ‘ਚ ਸੰਯੁਕਤ ਰਾਸ਼ਟਰ ਨੂੰ ਫ਼ੌਰੀ ਦਖ਼ਲ ਦੇਣਾ ਚਾਹੀਦਾ ਹੈ।
ਸਾਬਕਾ ਉਪ ਰਾਸ਼ਟਰਪਤੀ ਸਾਲੇਹ ਨਾਰਦਰਨ ਅਲਾਇੰਸ ਨਾਲ ਮਿਲ ਕੇ ਪੰਜਸ਼ੀਰ ‘ਚ ਤਾਲਿਬਾਨ ਖ਼ਿਲਾਫ਼ ਲੜਾਈ ਲੜ ਰਹੇ ਹਨ।ਸਾਬਕਾ ਉਪ ਰਾਸ਼ਟਰਪਤੀ ਨੇ ਡੇਲੀ ਮੇਲ ‘ਚ ਲਿਖੇ ਇਕ ਲੇਖ ‘ਚ ਅਫ਼ਗਾਨਿਸਤਾਨ ਦੇ ਹਾਲ ਦੇ ਘਟਨਾ ਚੱਕਰ ਬਾਰੇ ਕਈ ਨਵੀਆਂ ਜਾਣਕਾਰੀਆਂ ਦਿੱਤੀਆਂ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਅਸ਼ਰਫ਼ ਗਨੀ ਦੇ ਭੱਜ ਜਾਣ ਤੋਂ ਬਾਅਦ ਕੰਮ ਚਲਾਊ ਰਾਸ਼ਟਰਪਤੀ ਮੰਨਿਆ ਹੈ। ਉਨ੍ਹਾਂ ਨੇ ਲੇਖ ‘ਚ ਕਿਹਾ ਹੈ ਕਿ ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਹਰ ਘੰਟੇ ਪਾਕਿਸਤਾਨੀ ਅੰਬੈਸੀ ਤੋਂ ਨਿਰਦੇਸ਼ ਲੈਂਦਾ ਹੈ। ਆਈਐੱਸਆਈ ਹੀ ਹੁਣ ਤਾਲਿਬਾਨ ਨੂੰ ਪੂਰੀ ਤਰ੍ਹਾਂ ਚਲਾ ਰਿਹਾ ਹੈ। ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਕਬਜ਼ਾ ਸਿਰਫ਼ ਇਕ ਥੱਕੇ ਹੋਏ ਅਮਰੀਕੀ ਰਾਸ਼ਟਰਪਤੀ ਦੀਆਂ ਗ਼ਲਤ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ਾਂ ਨੇ ਅਫ਼ਗਾਨਿਸਤਾਨ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਸਾਲੇਹ ਨੇ ਸੰਯੁਕਤ ਰਾਸ਼ਟਰ ਨੂੰ ਪੱਤਰ ਲਿਖ ਕੇ ਪੰਜਸ਼ੀਰ ‘ਚ ਤਾਲਿਬਾਨ ਦੇ ਹਮਲਿਆਂ ਬਾਰੇ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਡੇਲੀ ਮੇਲ ‘ਚ ਸਾਲੇਹ ਨੇ ਆਪਣੇ ਲੇਖ ‘ਚ 15 ਅਗਸਤ ਤੋਂ ਪਹਿਲਾਂ ਹੀ ਹਾਲਾਤ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਭੱਜ ਜਾਣ ਤੋਂ ਬਾਅਦ ਪੂਰੀ ਫ਼ੌਜ ਅੰਡਰਗਰਾਊਂਡ ਹੋ ਗਈ ਸੀ। ਮੈਂ ਉਸ ਸਮੇਂ ਰਾਸ਼ਟਰਪਤੀ ਪੈਲੇਸ ਤੋਂ ਲੈ ਕੇ ਕਈ ਸਿਖਰਲੇ ਨੇਤਾਵਾਂ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਦਾ ਕੋਈ ਪਤਾ ਨਹੀਂ ਸੀ। ਬਾਅਦ ‘ਚ ਉਹ ਕਾਬੁਲ ‘ਤੇ ਤਾਲਿਬਾਨ ਦਾ ਕਬਜ਼ਾ ਹੁੰਦੇ ਹੀ ਪੰਜਸ਼ੀਰ ਨਿਕਲ ਗਏ। ਰਸਤੇ ‘ਚ ਉਨ੍ਹਾਂ ਦੇ ਕਾਫਲੇ ‘ਤੇ ਤਿੰਨ ਸਥਾਨਾਂ ‘ਤੇ ਹਮਲੇ ਹੋਏ।ਉਨ੍ਹਾਂ ਕਿਹਾ ਕਿ ਮੈਂ ਤਾਲਿਬਾਨ ਦੇ ਸਾਹਮਣੇ ਆਤਮ ਸਮਰਪਨ ਨਹੀਂ ਕਰਾਂਗਾ। ਮੈਂ ਆਪਣੇ ਗਾਰਡ ਨੂੰ ਕਹਿ ਦਿੱਤਾ ਹੈ ਕਿ ਲੜਾਈ ‘ਚ ਜ਼ਖ਼ਮੀ ਹੁੰਦੇ ਹੀ ਮੇਰੀ ਸਿਰ ‘ਚ ਗੋਲ਼ੀ ਮਾਰ ਦੇਣਾ।