ਕੌਮਾਂਤਰੀ ਪੁਲਾੜ ਕੇਂਦਰ (ਆਈਐੱਸਐੱਸ) ’ਚ 12 ਦਿਨ ਬਿਤਾਉਣ ਤੋਂ ਬਾਅਦ ਜਾਪਾਨ ਦੇ ਇਕ ਅਰਬਪਤੀ, ਉਨ੍ਹਾਂ ਦੇ ਪ੍ਰੋਡਿਊਸਰ ਤੇ ਰੂਸੀ ਪੁਲਾੜ ਯਾਤਰੀ ਸੋਮਵਾਰ ਨੂੰ ਧਰਤੀ ’ਤੇ ਸੁਰੱਖਿਅਤ ਪਰਤ ਆਏ।
ਫੈਸ਼ਨ ਕਾਰੋਬਾਰੀ ਯੂਸਾਕੂ ਮਿਜਾਵਾ, ਉਨ੍ਹਾਂ ਦੇ ਪ੍ਰੋਡਿਊਸਰ ਯੋਜੋ ਹਿਰਾਨੋ ਤੇ ਰੂਸੀ ਪੁਲਾੜ ਯਾਤਰੀ ਐਲਗਜ਼ੈਂਡਰ ਮਿਸੂਰਕਿਨ ਰੂਸੀ ਸੋਯੂਜ਼ ਪੁਲੜ ਯਾਨ ਤੋਂ ਸਵੇਰੇ 9.13 ਵਜੇ ਝੇਜਕਵਜਗਨ ਸ਼ਹਿਰ ਤੋਂ ਕਰੀਬ 148 ਕਿਲੋਮੀਟਰ ਦੂਰ ਦੱਖਣ ਪੂਰਬ ’ਚ ਕਜ਼ਾਕਿਸਤਾਨ ’ਚ ਉਤਰੇ। ਬੱਦਲਾਂ ਨੇ ਖੋਜ ਤੇ ਬਚਾਅ ਹੈਲੀਕਾਪਟਰਾਂ ਦੀ ਤਾਇਨਾਤੀ ’ਚ ਰੁਕਾਵਟ ਪੈਦਾ ਕੀਤੀ। ਇਸ ਤੋਂ ਬਾਅਦ ਰਾਹਤ ਤੇ ਬਚਾਅ ਦਲ ਪੁਲਾੜ ਸੈਲਾਨੀਆਂ ਦੇ ਮਦਦ ਤੇ ਸਿਹਤ ਜਾਂਚ ਲਈ ਵਾਹਨਾਂ ਜ਼ਰੀਏ ਲੈਂਡਿੰਗ ਸਾਈਟ ਤਕ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਪੁਲਾੜ ਸੈਲਾਨੀ ਬਿਹਤਰ ਮਹਿਸੂਸ ਕਰ ਰਹੇ ਹਨ।
ਮਿਜਾਵਾ (46) ਤੇ ਹਿਰਾਨੀ (36) ਸਾਲ 2009 ਤੋਂ ਬਾਅਦ ਖ਼ੁਦ ਪੈਸੇ ਖ਼ਰਚ ਕੇ ਪੁਲਾੜ ਕੇਂਦਰ ਜਾਣ ਵਾਲੇ ਪਹਿਲੇ ਸੈਲਾਨੀ ਹਨ। ਮਿਸੁਰਕਿਨ ਆਪਣੇ ਤੀਜੇ ਪੁਲਾੜ ਮਿਸ਼ਨ ’ਤੇ ਸਨ। ਪੁਲਾੜ ਕੇਂਦਰ ਤੋਂ ਖ਼ਾਸ ਇੰਟਰਵਿਊ ’ਚ ਮਿਜਾਵਾ ਨੇ ਕਿਹਾ ਸੀ, ‘ਜਦੋਂ ਤੁਸੀਂ ਪੁਲਾੜ ’ਚ ਹੁੰਦੇ ਹੋ, ਉਦੋਂ ਮਹਿਸੂਸ ਕਰ ਸਕਦੇ ਹੋ ਕਿ ਇਹ ਤਜਰਬਾ ਕਿੰਨਾ ਕੀਮਤੀ ਹੈ।’ ਕੀ ਆਪਣੇ 12 ਦਿਨਾਂ ਦੇ ਮਿਸ਼ਨ ਲਈ ਅੱਠ ਕਰੋੜ ਡਾਲਰ (ਕਰੀਬ 607 ਕਰੋੜ ਰੁਪਏ) ਦਾ ਭੁਗਤਾਨ ਕੀਤਾ ਹੈ? ਮਿਜਾਵਾ ਨੇ ਕਿਹਾ ਕਿ ਉਹ ਇਸ ਕਰਾਰ ਨੂੰ ਜਨਤਕ ਨਹੀਂ ਕਰ ਸਕਦੇ, ਪਰ ਉਨ੍ਹਾਂ ਸਵੀਕਾਰ ਕੀਤਾ ਕਿ ਪੁਲਾੜ ਯਾਤਰਾ ਲਈ ਉਨ੍ਹਾਂ ਨੇ ਵੱਡੀ ਰਾਸ਼ੀ ਖਰਚ ਕੀਤੀ ਹੈ। ਉਨ੍ਹਾਂ ਦੀ ਯਾਤਰਾ ਦੀ ਮੈਨੇਜਮੈਂਟ ਵਰਜ਼ੀਨੀਆ ਸਥਿਤ ਕੰਪਨੀ ਸਪੇਸ ਐਡਵੈਂਚਰਸ ਨੇ ਕੀਤਾ ਸੀ, ਜਿਹੜੀ 2001 ਤੋਂ 2009 ਤਕ ਸੱਤ ਹੋਰ ਸੈਲਾਨੀਆਂ ਨੂੰ ਪੁਲਾੜ ’ਚ ਭੇਜ ਚੁੱਕੀ ਹੈ।
ਅਕਤੂਬਰ ’ਚ ਰੂਸੀ ਅਦਾਕਾਰਾ ਯੂਲੀਓ ਪੈਰੇਸਿਲਡ ਤੇ ਫਿਲਮ ਡਾਇਰੈਕਟਰ ਕਲਿਮ ਸ਼ਿਪੇਂਕੋ ਆਰਬਿਟ ’ਚ ਦੁਨੀਆ ਦੀ ਪਹਿਲੀ ਫਿਲਮ ਬਣਾਉਣ ਲਈ ਕੌਮਾਂਤਰੀ ਪੁਲਾੜ ਕੇਂਦਰ ’ਚ 12 ਦਿਨ ਬਿਤਾ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਦੇ ਪ੍ਰਾਜੈਕਟ ਨੂੰ ਰੂਸ ਦੇ ਪੁਲਾੜ ਨਿਗਮ ਰੋਸਕੋਸਮੋਸ ਨੇ ਸਪਾਂਸਰ ਕੀਤਾ ਸੀ।