ਅਕਸਰ ਹੀ ਸਬਜ਼ੀਆਂ ਦੇ ਭਾਅ ਘੱਟਦੇ-ਵੱਧਦੇ ਰਹਿੰਦੇ ਹਨ, ਪਰ ਇਸ ਵਾਰ ਪਿਆਜ਼ ਦੇ ਭਾਅ ਇਸ ਕਦਰ ਵਧੇ ਹਨ ਕਿ ਇਸ ਦਾ ਫ਼ਰਕ ਲੋਕਾਂ ਦੀ ਜੇਬ ‘ਤੇ ਪੈ ਰਿਹਾ ਹੈ। ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਕਰਕੇ ਲੋਕ ਪਰੇਸ਼ਾਨ ਹਨ। ਦੱਸ ਦੇਈਏ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਕਰਕੇ ਫਸਲਾਂ ਖ਼ਰਾਬ ਹੋ ਗਈਆਂ ਹਨ। ਇਸ ਕਰਕੇ ਮੰਡੀਆਂ ਵਿੱਚ ਪਿਆਜ਼ ਦੀ ਆਮਦ ਵਿੱਚ ਕਮੀ ਆਈ ਹੈ। ਪਿਆਜ਼ ਦੀ ਘੱਟ ਆਮਦ ਦੇ ਚਲਦਿਆਂ ਇਸ ਦੀਆਂ ਕੀਮਤਾਂ ਵਧੀਆਂ ਹਨ, ਜਿਸ ਦਾ ਅਸਰ ਪੂਰੇ ਦੇਸ਼ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਦੀਵਾਲੀ ਤੱਕ ਪਿਆਜ਼ ਦਾ ਮੁੱਲ 100 ਰੁਪਏ ਪ੍ਰਤੀ ਕਿੱਲੋ ਹੋ ਸਕਦਾ ਹੈ।ਇਸ ਵਾਰ ਭਾਰੀ ਮੀਂਹ ਕਾਰਨ ਕਈ ਥਾਈਂ ਪਿਆਜ਼ ਦੀ ਫ਼ਸਲ ਖ਼ਰਾਬ ਹੋਈ ਹੈ, ਜਿਨ੍ਹਾਂ ਵਿੱਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵੀ ਸ਼ਾਮਲ ਹਨ। ਲਾਸਲਗਾਉਂ, ਜਿਸ ਨੂੰ ਏਸ਼ੀਆ ਦੀ ਸੱਭ ਤੋਂ ਵੱਡੀ ਪਿਆਜ਼ ਮੰਡੀ ਕਿਹਾ ਜਾਂਦਾ ਹੈ। ਉੱਥੇ ਵੀ ਪਿਆਜ਼ ਦਾ ਥੋਕ ਮੁੱਲ 4500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ, ਜਦਕਿ ਦਿੱਲੀ ਮੰਡੀ ਵਿੱਚ ਪਿਆਜ਼ ਦੀ ਕੀਮਤ 5000 ਰੁਪਏ ਕੁਇੰਟਲ ਤੱਕ ਪਹੁੰਚ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਿਆਜ਼ 50-60 ਰੁਪਏ ਪ੍ਰਤੀ ਕਿੱਲੋ ਜਾਂ ਇਸ ਤੋਂ ਵੱਧ ਕੀਮਤ ‘ਤੇ ਵਿੱਕ ਰਿਹਾ ਹੈ। ਦਿੱਲੀ ਵਿੱਚ ਪਿਆਜ਼ ਦਾ ਪ੍ਰਚੂਨ ਭਾਅ 65 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ।ਲਾਸਲਗਾਓਂ ਕ੍ਰਿਸ਼ੀ ਉਪਜ ਮੰਡੀ ਦੇ ਡਾਇਰੈਕਟਰ ਅਤੇ ਸਾਬਕਾ ਪ੍ਰਧਾਨ ਜੈਦੱਤ ਸੀਤਾਰਾਮ ਹੋਲਕਰ ਨੇ ਕਿਹਾ ਕਿ ਪਹਿਲੀ ਸਤੰਬਰ ਨੂੰ ਪਿਆਜ਼ ਦੀਆਂ ਕੀਮਤਾਂ 2000 ਤੋਂ ਲੈ ਕੇ 2500 ਪ੍ਰਤੀ ਕੁਇੰਟਲ ਤੱਕ ਸਨ। 21 ਸਤੰਬਰ ਨੂੰ ਪਿਆਜ਼ ਦੀ ਕੀਮਤ 4000 ਤੋਂ 4500 ਰੁਪਏ ਕੁਇੰਟਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ 2015 ਤੋਂ ਬਾਅਦ ਹੁਣ 2019 ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਇੰਨੀ ਤੇਜ਼ੀ ਵੇਖੀ ਗਈ ਹੈ।ਜੈਦੱਤ ਸੀਤਾਰਾਮ ਹੋਲਕਰ ਨੇ ਕਿਹਾ ਕਿ ਤਿਉਹਾਰਾਂ ਕਰਕੇ ਪਿਆਜ ਦੀ ਮੰਗ ਵਧ ਗਈ ਹੈ, ਪਰ ਕਰਨਾਟਕ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਤੋਂ ਪਿਆਜ਼ ਦੀ ਆਮਦ ਘਟ ਆ ਰਹੀ ਹੈ। ਮੰਡੀਆਂ ਵਿੱਚ ਇਸ ਵਾਰ ਕਰੀਬ 20 ਹਜ਼ਾਰ ਕੁਇੰਟਲ ਪਿਆਜ਼ ਦੀ ਆਮਦ ਹੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਪਿਆਜ਼ ਦੀ ਆਮਦ ਇਸੇ ਤਰ੍ਹਾਂ ਘੱਟ ਰਹੀ ਤਾਂ, ਦੀਵਾਲੀ ਤੱਕ ਪਿਆਜ਼ ਦਾ ਥੋਕ ਭਾਅ 6500 ਰੁਪਏ ਕੁਇੰਟਲ ਤੋਂ 8000 ਰੁਪਏ ਕੁਇੰਟਲ ਹੋ ਜਾਵੇਗਾ। ਲੋਕ ਨੂੰ ਪਿਆਜ਼ ਖਰੀਦਣ ਲਈ ਪ੍ਰਤੀ ਕਿੱਲੋ ਪਿੱਛੇ 100 ਰੁਪਏ ਖਰਚਣੇ ਪੈਣਗੇ।