ਚੰਡੀਗੜ੍ਹ: ਸਰਹੱਦਾਂ ‘ਤੇ ਤਣਾਅ ਦਰਮਿਆਨ ਪਾਕਿਸਤਾਨ ਨੇ ਅਚਾਨਕ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਖ਼ਬਰ ਸਾਹਮਣੇ ਆਉਂਦਿਆ ਹੀ ਭਾਰਤੀ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਕੁਝ ਸਮਾਂ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਈ ਕਿ ਪਾਕਿਸਤਾਨ ਦੀ ਪੇਸ਼ਕਸ਼ ਦਾ ਕੀ ਜਵਾਬ ਦਈਏ। ਅੰਤ ਵਿਚਾਰ-ਚਰਚਾ ਤੋਂ ਬਾਅਦ ਭਾਰਤ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪਾਕਿਸਤਾਨ ਦੀ ਪੇਸ਼ਕਸ਼ ਨੂੰ ਸਿਹਤ ਤੇ ਤਕਨੀਕੀ ਆਧਾਰ ’ਤੇ ਰੱਦ ਕਰ ਦਿੱਤਾ।
ਦਰਅਸਲ ਸ਼ਨੀਵਾਰ ਨੂੰ ਪਾਕਿਸਤਾਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 29 ਜੂਨ ਨੂੰ ਗਲਿਆਰਾ ਮੁੜ ਖੋਲ੍ਹਣ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਪੇਸ਼ਕਸ਼ ਦੇ ਕੁਝ ਘੰਟਿਆਂ ਅੰਦਰ ਹੀ ਭਾਰਤ ਨੇ ਰੱਦ ਕਰ ਦਿੱਤਾ। ਸੂਤਰਾਂ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਇਸ ਸਬੰਧੀ ਫੈਸਲਾ ਸਿਹਤ ਅਥਾਰਿਟੀ ਤੇ ਹੋਰਨਾਂ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਜਾਵੇਗਾ ਕਿਉਂਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਹੱਦ ਪਾਰੋਂ ਯਾਤਰਾ ਮੁਅੱਤਲ ਹੈ।
ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ’ਤੇ ਇਸ ਮਾਮਲੇ ਵਿੱਚ ਘੱਟ ਸੁਹਿਰਦ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸਲਾਮਾਬਾਦ ਨੇ ਇਹ ਪੇਸ਼ਕਸ਼ ਸਿਰਫ ਦੋ ਦਿਨ ਪਹਿਲਾਂ ਕੀਤੀ ਹੈ ਜਦੋਂਕਿ ਦੁਵੱਲੇ ਸਮਝੌਤੇ ਤਹਿਤ ਅਜਿਹੀ ਸੂਚਨਾ ਯਾਤਰਾ ਦੀ ਤਰੀਕ ਤੋਂ ਘੱਟੋ-ਘੱਟ ਸੱਤ ਦਿਨ ਪਹਿਲਾਂ ਦੇਣੀ ਹੁੰਦੀ ਹੈ ਕਿਉਂਕਿ ਇਸ ਲਈ ਭਾਰਤ ਨੂੰ ਪਹਿਲਾਂ ਰਜਿਸਟਰੇਸ਼ਨ ਕਰਨੀ ਹੁੰਦੀ ਹੈ।
ਇਸ ਤੋਂ ਇਲਾਵਾ ਪਾਕਿਸਤਾਨ ਨੇ ਦੁਵੱਲੇ ਸਮਝੌਤੇ ਤਹਿਤ ਵਾਅਦਾ ਕਰਨ ਦੇ ਬਾਵਜੂਦ ਰਾਵੀ ਨਦੀ ਦੀ ਮਾਰ ਹੇਠ ਆਉਣ ਵਾਲੇ ਇਲਾਕੇ ਵਿੱਚ ਪੁਲ ਵੀ ਨਹੀਂ ਬਣਾਇਆ। ਮੌਨਸੂਨ ਦੇ ਮੱਦੇਨਜ਼ਰ ਇਸ ਦਾ ਮੁਲਾਂਕਣ ਕਰਨ ਦੀ ਲੋੜ ਹੋਵੇਗੀ ਤਾਂ ਜੋ ਗਲਿਆਰੇ ਰਾਹੀਂ ਸੁਰੱਖਿਅਤ ਤੀਰਥ ਯਾਤਰਾ ਸੰਭਵ ਹੋ ਸਕੇ।
ਦੱਸ ਦਈਏ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਭਾਰਤ ਨੇ 16 ਮਾਰਚ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਯਾਤਰਾ ਤੇ ਰਜਿਸਟ੍ਰੇਸ਼ਨ ਆਰਜ਼ੀ ਤੌਰ ’ਤੇ ਮੁਲਤਵੀ ਕਰ ਦਿੱਤੀ ਸੀ। ਪਿਛਲੇ ਵਰ੍ਹੇ ਦੋਵਾਂ ਮੁਲਕਾਂ ਵਲੋਂ ਖੋਲ੍ਹਿਆ ਗਿਆ ਇਹ ਲਾਂਘਾ ਭਾਰਤ ਦੇ ਗੁਰਦਾਸਪੁਰ ਵਿਚਲੇ ਡੇਰਾ ਬਾਬਾ ਨਾਨਕ ਤੇ ਪਾਕਿਤਸਾਨ ਵਿਚਾਲੇ ਕਰਤਾਰਪੁਰ ਸਾਹਿਬ ਨੂੰ ਜੋੜਦਾ ਹੈ। ਸਾਰੇ ਧਰਮਾਂ ਦੇ ਭਾਰਤੀ ਸ਼ਰਧਾਲੂਆਂ ਲਈ ਇਤਹਾਸਿਕ ਗੁਰਦੁਆਰੇ ਤੱਕ ਜਾਂਦਾ ਇਹ ਲਾਂਘਾ ਪੂਰਾ ਸਾਲ ਬਿਨਾਂ ਵੀਜ਼ਾ ਯਾਤਰਾ ਲਈ ਖੁੱਲ੍ਹਾ ਰਹਿੰਦਾ ਹੈ।