ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਸੱਦਾ ਪੱਤਰ ਤਿਆਰ ਕਰਵਾਉਣ ਦੀ ਕਵਾਇਦ ਵਿਚ ਦਿਨਾਂ ਵਿਚ ਉੱਤਰ ਪ੍ਰਦੇਸ਼ ਦੀ ਸਰਕਾਰ ਲੱਗੀ ਹੈ। ਇਹ ਸੱਦਾ ਪੱਤਰ ਦੇਸ਼ ਭਰ ਦੇ ਸੰਤਾਂ ਨੂੰ ਭੇਜਿਆ ਜਾਵੇਗਾ ਤੇ ਉਨ੍ਹਾਂ ਨੂੰ ਇਕ ਥਾਂ ‘ਤੇ ਬੁਲਾਇਆ ਜਾਵੇਗਾ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡ੍ਰੀਮ ਪ੍ਰੋਜੈਕਟ ਕਾਸ਼ੀ ਵਿਸ਼ਵਨਾਥ ਧਾਮ (Dream Project Kashi Vishwanath Dham) ਦੀ ਸ਼ੁਰੂਆਤ ਮੌਕੇ ਦੇਸ਼ ਭਰ ਦੇ ਸੰਤਾਂ ਨੂੰ ਸੱਦਾ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ 25 ਹਜ਼ਾਰ ਸੰਤਾਂ ਨੂੰ ਕਾਸ਼ੀ ਆਉਣ ਦਾ ਸੱਦਾ ਪੱਤਰ ਭੇਜਿਆ ਜਾਵੇਗਾ। ਇਸ ਦੌਰਾਨ ਸੰਤਾਂ ਨੂੰ ਕਾਸ਼ੀ ਵਿਚ ਆ ਰਹੀਆਂ ਤਬਦੀਲੀਆਂ ਤੋਂ ਜਾਣੂ ਕਰਵਾਇਆ ਜਾਵੇਗਾ।
ਸੰਤਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਬਾਬਾ ਵਿਸ਼ਵਨਾਥ ਦਾ ਵਿਸ਼ਾਲ ਤੇ ਬ੍ਰਹਮ ਧਾਮ ਤੰਗ ਗਲੀਆਂ ‘ਚ ਬਣਾਇਆ ਗਿਆ ਹੈ। ਇਸ ਨਾਲ ਹੀ ਇਸ ਦੀ ਉਸਾਰੀ ਦੌਰਾਨ ਦਰਪੇਸ਼ ਚੁਣੌਤੀਆਂ ਤੇ ਉਸਾਰੀ ਸਬੰਧੀ ਸ਼ਹਿਰ ਵਿਚ ਆਏ ਬਦਲਾਅ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
BJP ਸ਼ਾਸਿਤ ਸੂਬਿਆਂ ਦੇ ਸੀਐੱਮ ਪਹੁੰਚਣਗੇ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 13 ਦਸੰਬਰ ਨੂੰ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕਰਨਗੇ। ਇਸ ਲਈ ਜਿੱਥੇ ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀ ਪਹੁੰਚਣਗੇ ਉਥੇ ਹੀ ਦੇਸ਼ ਭਰ ਦੇ 200 ਤੋਂ ਵੱਧ ਮੇਅਰ ਵੀ ਵਾਰਾਣਸੀ ‘ਚ ਮੌਜੂਦ ਰਹਿਣਗੇ। ਇਸ ਨਾਲ ਹੀ ਸਰਕਾਰ ਤੇ ਪ੍ਰਸ਼ਾਸਨ ਸਾਰੇ ਮੱਠਾਂ, ਮੰਦਰਾਂ, ਅਖਾੜਿਆਂ, ਪੀਠਾਂ ਆਦਿ ਦੀ ਸੂਚੀ ਤਿਆਰ ਕਰਕੇ ਸੰਤਾਂ, ਅਖਾੜਿਆਂ ਦੇ ਮਹੰਤਾਂ, ਮਹਾਂਮੰਡਲੇਸ਼ਵਰ, ਮੰਦਰਾਂ ਤੇ ਮੱਠਾਂ ਦੇ ਮੁਖੀਆਂ ਨੂੰ ਸੱਦਾ ਪੱਤਰ ਭੇਜ ਰਿਹਾ ਹੈ। ਸੂਤਰਾਂ ਅਨੁਸਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਸ਼ ਭਰ ਤੋਂ ਸਾਰੇ ਸੰਤ ਮਹਾਂਪੁਰਸ਼ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ।
ਕਾਸ਼ੀ ਸੱਦਣ ਦੀ ਅਪੀਲ
ਸੰਤਾਂ ਨੂੰ ਸੱਦਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਨਾ ਸਿਰਫ਼ ਵਿਸ਼ਵਨਾਥ ਦੀ ਇਸ ਨਵੀਂ ਕਾਸ਼ੀ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਜਾਵੇਗੀ ਬਲਕਿ ਸ਼ਰਧਾਲੂਆਂ ਨੂੰ ਇੱਥੇ ਆਉਣ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ। ਕਾਸ਼ੀ ਆਉਂਦੇ ਹੀ ਲੋਕਾਂ ਨੂੰ ਇਸ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਸੂਤਰਾਂ ਮੁਤਾਬਕ ਲਾਂਚ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਮੰਦਰ ‘ਚ ਮੌਜੂਦ ਸ਼ਿਵ ਭਗਤਾਂ ਨਾਲ ਵੀ ਗੱਲਬਾਤ ਕਰ ਸਕਦੇ ਹਨ।
ਚੋਣਾਂ ਵਿਚ ਅਹਿਮ ਹੋਵੇਗਾ
ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਭਰ ਦੇ ਸੰਤਾਂ ਨੂੰ ਭੇਜੀ ਗਈ ਇਹ ਚਿੱਠੀ ਉੱਤਰ ਪ੍ਰਦੇਸ਼ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਫੀ ਅਹਿਮ ਸਾਬਤ ਹੋਵੇਗੀ। ਇਸ ਨਾਲ ਨਾ ਸਿਰਫ਼ ਭਾਜਪਾ ਦੇ ਹਿੰਦੂਤਵੀ ਏਜੰਡੇ ਨੂੰ ਬੜ੍ਹਤ ਮਿਲੇਗੀ, ਸਗੋਂ ਲੋਕ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਵੀ ਜਾਣੂ ਹੋਣਗੇ, ਜਿਸ ਨਾਲ ਚੋਣਾਂ ਦੌਰਾਨ ਭਾਜਪਾ ਨੂੰ ਨਵੀਂ ਤਾਕਤ ਮਿਲੇਗੀ।