ਦੋਸਤੋ !! ਕਿਸੇ ਵੀ ਦੇਸ਼ ਦਾ ਭਵਿੱਖ ਉਥੋਂ ਦੀ ਸਰਕਾਰ ਤੇ ਹੀ ਨਹੀਂ ਬਲਕਿ ਨਾਗਰਿਕਾਂ ਤੇ ਵੀ ਨਿਰਭਰ ਹੁੰਦਾ ਹੈ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਹੁਣ ਚੋਣਾਂ ਦਾ ਸਮਾਂ ਹੈ । ਹਰ ਪਾਰਟੀ ਦਾ ਮੈਂਬਰ ਆਪਣੀ – ਆਪਣੀ ਪਾਰਟੀ ਦੇ ਗੁਣ ਗਾਉਂਦਾ ਦਿਖਾਈ ਦੇਵੇਗਾ । ਰੱਜ ਕੇ ਇੱਕ ਦੂਸਰੀ ਦੀ ਪਾਰਟੀ ਨੂੰ ਭੰਡਿਆ ਜਾਵੇਗਾ ਅਤੇ ਦੇਸ਼ ਦੇ ਵਿਕਾਸ ਦੀਆਂ ਗੱਲਾਂ ਕੀਤੀਆਂ ਜਾਣਗੀਆਂ ।
ਪਰ ਇਹ ਹਰ ਇੱਕ ਪਾਰਟੀ ਦਾ ਨਿੱਜੀ ਧਰਮ ਹੀ ਹੈ ਕਿ ਉਹ ਆਪਣੀ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਲੋਕਾਂ ਵਿੱਚ ਅੱਗੇ ਲੈ ਕੇ ਜਾਵੇ । ਇਸ ਵਾਸਤੇ ਉਹ ਕਈ ਤਰ੍ਹਾਂ ਦੀਆਂ ਝੂਠੀਆਂ ਦਲੀਲਾਂ ਅਤੇ ਝੂਠੇ ਵਾਅਦੇ ਵੀ ਕਰਦੇ ਹਨ । ਵੋਟਾਂ ਵਿੱਚ ਜਿੱਤਣ ਲਈ ਉਹ ਕਿਸੇ ਵੀ ਹੱਦ ਤੱਕ ਜਾਂਦੇ ਹਨ ਕਈ ਵਾਰ ਘਰਾਂ ਵਿੱਚ ਜਾ ਕੇ ਪੈਸੇ ਵੰਡਦੇ ਹਨ ਕਈਆਂ ਨੂੰ ਸ਼ਰਾਬ ਅਤੇ ਹੋਰ ਵੀ ਕਈ ਹੋਰ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਨਾਲ ਉਹ ਵੋਟਾਂ ਨੂੰ ਹਾਸਲ ਕਰ ਸਕਣ ।
ਪਰ ਦੋਸਤੋ ਇਹ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਇੱਕ ਸੱਚੇ ਇਨਸਾਨ ਨੂੰ ਵੋਟ ਪਾ ਕੇ ਅਗਾਂਹ ਵਧੂ ਕਰੀਏ ਤਾਂ ਕਿ ਅੱਗੇ ਜਾ ਕੇ ਦੇਸ਼ ਦਾ ਸੱਚਮੁੱਚ ਵਿਕਾਸ ਹੋ ਸਕੇ । ਅਸੀਂ ਸਾਰੇ ਲੋਕ ਕਈ ਵਾਰ ਲਾਲਚ ਜਾਂ ਦੋਸਤੀ ਦੇ ਬਹਿਕਾਵੇ ਵਿੱਚ ਆ ਕੇ ਗਲਤ ਪਾਰਟੀ ਨੂੰ ਵੋਟ ਪਾ ਦਿੰਦੇ ਹਾਂ । ਜਿਸ ਦਾ ਸਾਨੂੰ ਅੱਗੇ ਜਾ ਕੇ ਬਹੁਤ ਹੀ ਗਲਤ ਨਤੀਜਾ ਮਿਲਦਾ ਹੈ । ਇਹੋ ਜਿਹੀਆਂ ਪਾਰਟੀਆਂ ਅਗਾਂਹ ਜਾ ਕੇ ਸਿਰਫ ਆਪਣੀ ਹੀ ਚਿੰਤਾ ਕਰਦੀਆਂ ਹਨ ਉਨ੍ਹਾਂ ਨੂੰ ਲੋਕਾਂ ਦੀ ਸੁਰੱਖਿਆ ਨਾਲ ਕੋਈ ਮਤਲਬ ਨਹੀਂ ਹੁੰਦਾ ।
ਅਸੀਂ ਉਸ ਪਲ ਆਪਣੀ ਕੁੱਝ ਕੁ ਨਿਜੀ ਫਾਇਦਿਆਂ ਲਈ ਗਲਤ ਇਨਸਾਨ ਨੂੰ ਵੋਟ ਪਾ ਕੇ ਆਪਣੇ ਪੂਰੇ ਦੇਸ਼ ਦਾ ਭਵਿੱਖ ਖਰਾਬ ਕਰ ਦਿੰਦੇ ਹਾਂ । ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਨਿੱਜੀ ਮਤਲਬ ਨੂੰ ਤਿਆਗ ਕੇ ਇਕ ਸੱਚੇ ਇਨਸਾਨ, ਸੱਚੀ ਪਾਰਟੀ ਨੂੰ ਵੋਟ ਪਾਈਏ । ਵੋਟ ਪਾਉਣਾ ਸਾਡਾ ਸਭ ਦਾ ਆਪਣਾ ਨਿੱਜੀ ਹੱਕ ਹੈ ਇਸ ਲਈ ਸਾਨੂੰ ਵੋਟ ਪਾਉਣ ਸਮੇਂ ਆਪਣੇ ਦੋਸਤ, ਰਿਸ਼ਤੇਦਾਰਾਂ ਜਾਂ ਫਿਰ ਕਿਸੇ ਹੋਰ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਚਾਹੀਦਾ ਬਲਕਿ ਖੁਦ ਆਪਣੇ ਦਿਮਾਗ਼ ਦੀ ਵਰਤੋਂ ਕਰ ਸਹੀ ਚੋਣ ਕਰਨੀ ਚਾਹੀਦੀ ਹੈ ।
ਪਾਰਟੀਆਂ ਪਹਿਲਾਂ ਕੁਝ ਕੁ ਸਕੀਮਾਂ ਚਲਾ ਕੇ ਲੋਕਾਂ ਦਾ ਦਿਲ ਜਿੱਤਦੀਆਂ ਹਨ ਜਿਵੇਂ ਕਿ ਆਟਾ ਦਾਲ ਸਕੀਮ ਨੂੰ ਹੀ ਲੈ ਲਓ ।ਪਰ ਇਹ ਸਕੀਮਾਂ ਨੌਜਵਾਨਾਂ ਨੂੰ ਅਪਾਹਜ ਬਣਾ ਰਹੀਆਂ ਹਨ । ਉਨ੍ਹਾਂ ਨੂੰ ਘਰ ਬੈਠੇ ਹੀ ਦਾਣਾ ਪਾਣੀ ਮਿਲ ਰਿਹਾ ਹੈ ਅਤੇ ਉਨ੍ਹਾਂ ਦਾ ਕੰਮ ਕਰਨ ਦਾ ਰੁਝਾਨ ਘੱਟਦਾ ਜਾ ਰਿਹਾ ਹੈ । ਪਰ ਮੇਰੇ ਵਿਚਾਰਾਂ ਨਾਲ ਇਹੋ ਜਿਹੀ ਸਕੀਮਾਂ ਨੂੰ ਚਲਾਉਣ ਨਾਲੋਂ ਸਾਨੂੰ ਲੋਕਾਂ ਨੂੰ ਕਾਰੋਬਾਰ ਦੇਣਾ ਚਾਹੀਦਾ ਹੈ ।
ਹਾਂ ! ਉਨ੍ਹਾਂ ਲੋਕਾਂ ਨੂੰ ਦਾਣਾ ਪਾਣੀ ਸਕੀਮ ਜ਼ਰੂਰ ਮਿਲਣੀ ਚਾਹੀਦੀ ਹੈ ਜੋ ਕਿ ਅਪਾਹਜ ਹਨ ਜਾਂ ਫਿਰ ਬਹੁਤ ਬਜ਼ੁਰਗ ਹਨ ਅਤੇ ਆਪਣਾ ਕੰਮ ਨਹੀਂ ਕਰ ਸਕਦੇ । ਸਾਨੂੰ ਦੇਖਣਾ ਚਾਹੀਦਾ ਹੈ ਕਿ ਸਰਕਾਰ ਸਾਨੂੰ ਕਿਸ ਤਰ੍ਹਾਂ ਦੀਆਂ ਸਕੀਮਾਂ ਮੁਹੱਈਆ ਕਰਵਾ ਰਹੀ ਹੈ । ਦੇਸ਼ ਦੀ ਤਰੱਕੀ ਦੀ ਜ਼ਿੰਮੇਵਾਰੀ ਹਰ ਨਾਗਰਿਕ ਦੇ ਹੱਥ ਹੈ । ਇਸ ਲਈ ਸਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਚਾਹੀਦਾ ।
ਕਿਰਨਪ੍ਰੀਤ ਕੌਰ
+4368864013133