ਸੁਪਰੀਮ ਕੋਰਟ ਵੱਲੋਂ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਕੇਸਾਂ ਵਿੱਚ ਜ਼ਮਾਨਤ ਦਿੱਤੇ ਜਾਣ ਮਗਰੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਰਿਹਾਅ ਹੋਈ ਭਾਰਤੀ ਰਾਸ਼ਟਰ ਸਮਿਤੀ (ਬੀਆਰਐੱਸ) ਦੀ ਵਿਧਾਨ ਪਰਿਸ਼ਦ ਮੈਂਬਰ ਕੇ. ਕਵਿਤਾ ਨੇ ਅੱਜ ਭਰੋਸਾ ਜਤਾਇਆ ਕਿ ਉਹ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਵਿੱਚੋਂ ਬੇਦਾਗ਼ ਹੋ ਕੇ ਬਾਹਰ ਆਵੇਗੀ। ਅੱਜ ਸ਼ਾਮ ਹੈਦਰਾਬਾਦ ਸਥਿਤ ਆਪਣੀ ਰਿਹਾਇਸ਼ ’ਤੇ ਪੁੱਜੀ ਕਵਿਤਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਨਿਆਂ ਤੇ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਮੇਰੇ ਮਾਮਲੇ ਵਿੱਚ ਵੀ, ਮੈਂ ਕਿਉਂਕਿ ਕੁੱਝ ਗ਼ਲਤ ਨਹੀਂ ਕੀਤਾ। ਇਸ ਲਈ ਨਿਆਂ ਤੇ ਨੇਕੀ ਦੀ ਇੱਕ ਦਿਨ ਜਿੱਤ ਜ਼ਰੂਰ ਹੋਵੇਗੀ। ਮੈਂ ਤਿਲੰਗਾਨਾ ਦੇ ਲੋਕਾਂ ਨੂੰ ਕਹਿੰਦੀ ਹਾਂ ਕਿ ਸਮੇਂ ਨਾਲ ਸੱਚਾਈ ਸਾਹਮਣੇ ਆਵੇਗੀ। ਅਸੀਂ ਉਸ ਦਿਨ ਤੱਕ ਲੜਦੇ ਰਹਾਂਗੇ।’’ ਉਨ੍ਹਾਂ ਕਿਹਾ ਕਿ ਉਹ ਜ਼ਮੀਨੀ ਪੱਧਰ ’ਤੇ ਹੋਰ ਵੱਧ ਸਰਗਰਮੀ ਨਾਲ ਕੰਮ ਕਰੇਗੀ ਅਤੇ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਿੱਚ ਸੂਬੇ ਵਿੱਚ ਲੋਕਾਂ ਦੇ ਮੁੱਦਿਆਂ ਲਈ ਚਲਾਏ ਜਾ ਰਹੇ ਸੰਘਰਸ਼ਾਂ ਵਿੱਚ ਹਿੱਸਾ ਲਵੇਗੀ। ਉਨ੍ਹਾਂ ਕਿਹਾ, ‘‘ਆਖ਼ਰਕਾਰ, ਮੈਨੂੰ ਭਰੋਸਾ ਹੈ ਕਿ ਮੈਂ ਇਨ੍ਹਾਂ ਸਾਰੇ ਦੋਸ਼ਾਂ ਵਿੱਚੋਂ ਬੇਦਾਗ਼ ਹੋ ਕੇ ਨਿਕਲਾਂਗੀ ਕਿਉਂਕਿ ਮੈਂ ਕੁੱਝ ਵੀ ਗ਼ਲਤ ਨਹੀਂ ਕੀਤਾ।’