Sleeping Health facts: ਸਿਹਤਮੰਦ ਰਹਿਣ ਲਈ ਜਿੰਨੀ ਜ਼ਰੂਰੀ ਨੀਂਦ ਹੈ, ਓਨਾ ਹੀ ਜ਼ਰੂਰੀ ਹੈ ਸਹੀ ਹਾਲਤ ‘ਚ ਸੌਣਾ। ਖ਼ਰਾਬ ਨੀਂਦ ਨਾ ਸਿਰਫ਼ ਦਰਦ ਦਾ ਕਾਰਨ ਬਣਦੀ ਹੈ, ਬਲਕਿ ਇਸ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਸੌਣ ਦੀਆਂ ਆਦਤਾਂ ਤੋਂ ਸਿਹਤ ਬਾਰੇ ਕਈ ਗੱਲਾਂ ਜਾਣੀਆਂ ਜਾ ਸਕਦੀਆਂ ਹਨ।
ਸਾਹ ਲੈਣ ‘ਚ ਪਰੇਸ਼ਾਨੀ: ਸਲੀਪ ਅਪੀਨੀਆ ਬਿਮਾਰੀ ਕਾਰਨ ਸੌਂਦੇ ਸਮੇਂ ਸਾਹ ਲੈਣ ‘ਚ ਪਰੇਸ਼ਾਨੀ ਹੁੰਦੀ ਹੈ। ਮੌਜੂਦਾ ਸਮੇਂ ਲੋਕਾਂ ‘ਚ ਇਹ ਬਿਮਾਰੀ ਬਹੁਤ ਵਧ ਰਹੀ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਦਿਨ ਦੇ ਰੁਝੇਵਿਆਂ ਦਾ ਖ਼ਰਾਬ ਹੋਣਾ ਹੈ।
ਵਾਰ-ਵਾਰ ਪਿਸ਼ਾਬ ਕਰਨਾ: ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ ਸ਼ੂਗਰ ਦਾ ਲੱਛਣ ਹੋ ਸਕਦਾ ਹੈ। ਜੇ ਤੁਸੀਂ ਰਾਤ ਨੂੰ ਦੋ ਤੋਂ ਵੱਧ ਵਾਰ ਪਿਸ਼ਾਬ ਲਈ ਜਾਂਦੇ ਹੋ ਤਾਂ ਚੈੱਕਅਪ ਕਰਵਾਓ, ਕਿਉਂਕਿ ਇਹ ਪ੍ਰੀ-ਡਾਇਬਿਟੀਜ਼ ਦਾ ਸੰਕੇਤ ਹੋ ਸਕਦਾ ਹੈ। ਦਰਅਸਲ ਜਦੋਂ ਖ਼ੂਨ ‘ਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ ਤਾਂ ਸਰੀਰ ਪਿਸ਼ਾਬ ਰਾਹੀਂ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ।
ਸੌਂਦੇ ਸਮੇਂ ਹਿੱਲ ਨਾ ਹੋਣਾ: ਕੀ ਤੁਸੀਂ ਸੁੱਤੇ ਹੋਏ ਅਚਾਨਕ ਜਾਗ ਜਾਂਦੇ ਹੋ ਜਾਂ ਆਪਣੇ ਸਰੀਰ ਨੂੰ ਹਿਲਾ ਨਹੀਂ ਸਕਦੇ। ਜੇ ਅਜਿਹਾ ਹੈ ਤਾਂ ਤੁਸੀਂ ‘ਸਲੀਪ ਪੈਰਾਲਾਇਸਿਸ’ ਦੇ ਸ਼ਿਕਾਰ ਹੋ। ਸਲੀਪ ਪੈਰਾਲਾਇਸਸ ਅਜਿਹੀ ਸਥਿਤੀ ਹੈ, ਜਦੋਂ ਕੋਈ ਨੀਂਦ ‘ਚੋਂ ਉੱਠਦਾ ਹੈ ਤੇ ਦੇਖਦਾ ਹੈ ਕਿ ਉਸ ਦਾ ਪੂਰਾ ਸਰੀਰ ਲਕਵਾਗ੍ਰਸਤ ਹੋ ਗਿਆ ਹੈ, ਉਸ ਨੂੰ ਹਿੱਲਣ ਜੁੱਲਣ ‘ਚ ਔਖ ਹੋ ਰਹੀ ਹੈ। ਅਜਿਹਾ ਉਨ੍ਹਾਂ ਲੋਕਾਂ ਨਾਲ ਜ਼ਿਆਦਾ ਹੁੰਦਾ ਹੈ, ਜੋ ‘ਨਾਕਰੋਲੈਪਸੀ’ ਜਾਂ ਉਨੀਂਦਰਾ ਰੋਗ ਤੋਂ ਗ੍ਰਸਤ ਹੁੰਦੇ ਹਨ।
ਝਟਕੇ ਮਹਿਸੂਸ ਹੋਣਾ: ਜਦੋਂ ਰਾਤ ਨੂੰ ਤੁਸੀਂ ਗੂੜ੍ਹੀ ਨੀਂਦ ਸੁੱਤੇ ਹੁੰਦੇ ਹੋ ਤਾਂ ਅਚਾਨਕ ਝਟਕੇ ਲੱਗਣ ਲਗਦੇ ਹਨ। ਅਜਿਹਾ ਉਦੋਂ ਹੁੰਦਾ ਹੈ, ਜਦੋਂ ਤੁਸੀਂ ਸੁਪਨਾ ਦੇਖ ਰਹੇ ਹੁੰਦੇ ਹੋ। ਕਦੇ-ਕਦੇ ਤੁਸੀਂ ਰੌਲਾ ਵੀ ਪਾਉਣ ਲਗਦੇ ਹੋ। ਇਸ ਅਵਸਥਾ ਨੂੰ ‘ਹਾਈਪੈਨਿਕ ਜਕਰ’ ਆਖਦੇ ਹਨ। ਇਕ ਖੋਜ ਅਨੁਸਾਰ ਦੁਨੀਆ ‘ਚ 70 ਫ਼ੀਸਦੀ ਲੋਕ ਇਸ ਸਥਿਤੀ ਨੂੰ ਜ਼ਰੂਰ ਮਹਿਸੂਸ ਕਰਦੇ ਹਨ।
ਅਚਾਨਕ ਜਾਗ ਖੁੱਲ੍ਹਣਾ: ਸੁੱਤੇ ਹੋਏ ਅਚਾਨਕ ਨੀਂਦ ਖੁੱਲ੍ਹ ਜਾਣਾ ‘ਰੈਸਟਲੈੱਸ ਲੈੱਗ ਸਿੰਡਰੋਮ’ ਦਾ ਸੰਕੇਤ ਹੋ ਸਕਦਾ ਹੈ। ਇਹ ਇਕ ਦਿਮਾਗ਼ੀ ਸਮੱਸਿਆ ਹੈ, ਜਿਸ ਨਾਲ ਦੇਸ਼ ਦੀ ਕੁੱਲ ਆਬਾਦੀ ਦੇ ਲਗਪਗ ਤਿੰਨ ਫ਼ੀਸਦੀ ਲੋਕ ਪ੍ਰਭਾਵਿਤ ਹਨ। ਜੇ ਲਗਾਤਾਰ ਇਸ ਤਰ੍ਹਾਂ ਹੋ ਰਿਹਾ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ।
ਦਿਲ ਦੀ ਧੜਕਣ ਵਧਣਾ: ਜੇ ਰਾਤ ਨੂੰ ਸੌਂਦੇ ਸਮੇਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤਾਂ ਇਹ ‘ਓਵਰਐਕਟਿਵ ਥਾਇਰਾਇਡ’ ਦਾ ਕਾਰਨ ਹੋ ਸਕਦਾ ਹੈ। ਅਜਿਹਾ ਹੋਣ ‘ਤੇ ਤੁਹਾਨੂੰ ਡਾਕਟਰ ਕੋਲੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ।