ਨਵੀਂ ਦਿੱਲੀ: ਦਿੱਲੀ ਦੇ ਚਾਂਦਨੀ ਚੌਂਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਅਲਕਾ ਲਾਂਬਾ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਅਲਕਾ ਕੁਝ ਸਮਾਂ ਪਹਿਲਾਂ ਤੋਂ ‘ਆਪ’ ਪਾਰਟੀ ਤੋਂ ਨਾਰਾਜ਼ ਚਲ ਰਹੀ ਸੀ। ਕਾਂਗਰਸ ‘ਚ ਜਾਣ ਦੀਆਂ ਖ਼ਬਰਾਂ ਦੌਰਾਨ ਅਲਕਾ ਲਾਂਬਾ ਨੇ 4 ਸਤੰਬਰ ਨੂੰ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਦਿੱਲੀ ‘ਚ ਅਗਲੇ ਸਾਲ ਦੀ ਸ਼ੁਰੂਆਤ ‘ਚ ਵਿਧਾਨਸਭਾ ਚੋਣਾਂ ਹਨ।
ਅਲਕਾ ਨੇ ਟਵੀਟ ਕੀਤਾ, “ਆਪ ਨੂੰ ਗੁੱਡ ਬਾਏ ਕਹਿਣ ਅਤੇ ਪਾਰਟੀ ਦੀ ਮੁੱਢਲੀ ਮੈਬਰਸ਼ਿਪ ਤੋਂ ਅਸਤੀਫਾ ਦੇਣ ਦਾ ਸਮਾਂ ਆ ਗਿਆ ਹੈ। ਪਿਛਲੇ 6 ਸਾਲ ਦੀ ਯਾਤਰਾ ਮੇਰੇ ਲਈ ਇੱਕ ਵੱਡਾ ਸਬਕ ਸੀ”।ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਅਲਕਾ ਨੇ ਉਨ੍ਹਾਂ ਦੀ ਤਾਰੀਫ ਕਰਦੇ ਕਿਹਾ, “ਸੋਨੀਆ ਗਾਂਧੀ ਕਾਂਗਰਸ ਪਾਰਟੀ ਦੀ ਪ੍ਰਧਾਨ ਹੀ ਨਹੀ ਸਗੋਂ ਪੂਰੀ ਯੂਪੀਏ ਦੀ ਮੁਖੀ ਅਤੇ ਧਰਮ-ਨਿਰਪੱਖ ਵਿਚਾਰਧਾਰਾ ਦੀ ਵੱਡੀ ਨੇਤਾ ਹੈ। ਦੇਸ਼ ਦੇ ਮੌਜੂਦਾ ਹਲਾਤਾਂ ਬਾਰੇ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਚਰਚਾ ਬਾਕੀ ਸੀ। ਅੱਜ ਮੌਕਾ ਮਿਲਿਆ ਤਾਂ ਉਨ੍ਹਾਂ ਨਾਲ ਹਰ ਮੁੱਦੇ ‘ਤੇ ਖੁਲ੍ਹ ਕੇ ਗੱਲ ਹੋਈ”।
ਇਸ ਮੁਲਾਕਾਤ ਦੇ ਬਾਅਦ ਤੋਂ ਹੀ ਅਲਕਾ ਦੇ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਫਵਾਹਾਂ ਤੇਜ਼ ਹੋ ਗਈਆਂ ਸਨ। ਅਲਕਾ ਕਈ ਸਾਲਾਂ ਤਕ ਕਾਂਗਰਸ ‘ਚ ਰਹਿਣ ਤੋਂ ਬਾਅਦ 26 ਦਸੰਬਰ 2014 ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਈ ਸੀ।