ਨਵੀਂ ਦਿੱਲੀ- ਆਪ ਆਗੂ ਰਿਤੁਰਾਜ ਝਾਅ ਨੇ ਦਿੱਲੀ ਦੇ ਆਈਟੀਓ ਵਿਖੇ ਵਿਰੋਧ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਭਾਜਪਾ ਨੇ ਔਰਤਾਂ ਨੂੰ 2,500 ਰੁਪਏ ਦੇਣ ਅਤੇ ਹੋਲੀ ਤੱਕ ਮੁਫ਼ਤ ਗੈਸ ਸਿਲੰਡਰ ਵੰਡਣ ਦੇ ਆਪਣੇ ਚੋਣ ਵਾਅਦੇ ਪੂਰੇ ਨਹੀਂ ਕੀਤੇ ਹਨ। ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਦਿੱਲੀ ਦੀ ਭਾਜਪਾ ਸਰਕਾਰ ਨੇ ਯੋਗ ਔਰਤਾਂ ਨੂੰ 2,500 ਰੁਪਏ ਦੀ ਪ੍ਰਤੀ ਮਹੀਨਾ ਸਹਾਇਤਾ ਪ੍ਰਦਾਨ ਕਰਨ ਲਈ ਮਹਿਲਾ ਸਮ੍ਰਿੱਧੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ 5,100 ਕਰੋੜ ਰੁਪਏ ਅਲਾਟ ਕੀਤੇ ਹਨ।
‘ਆਪ’ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਭਲਾਈ ਯੋਜਨਾਵਾਂ ਨੂੰ ਸਮੇਂ ਸਿਰ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਆਪਣੇ ਸਿਰ ’ਤੇ ਗੈਸ ਸਿਲੰਡਰ ਫੜ੍ਹ ਕਿਰਾਰੀ ਤੋਂ ਸਾਬਕਾ ਵਿਧਾਇਕ ਝਾਅ ਨੇ ਕਿਹਾ, “ਦਿੱਲੀ ਵਿੱਚ ਔਰਤਾਂ ਨੂੰ 8 ਮਾਰਚ ਨੂੰ 2,500 ਰੁਪਏ ਅਤੇ ਹੋਲੀ ’ਤੇ ਮੁਫ਼ਤ ਸਿਲੰਡਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਭਾਜਪਾ ਨੇ ਦੋਵਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।’ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੈਸ ਸਿਲੰਡਰ ਦੇ ਆਕਾਰ ਦੀ ਇੱਕ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ ’ਤੇ ਲਿਖਿਆ ਸੀ, “ਮੁਫ਼ਤ ਕਾ ਸਿਲੰਡਰ ਕਬ ਆਏਗਾ? 2,500 ਰੁਪਇਆ ਕਬ ਆਏਗਾ? । ਪੀਟੀਆਈ ਨਾਲ ਗੱਲ ਕਰਦੇ ਹੋਏ ਇੱਕ ਪ੍ਰਦਰਸ਼ਨਕਾਰੀ ਸੀਮਾ ਨੇ ਕਿਹਾ, “ਸਾਨੂੰ 8 ਮਾਰਚ ਨੂੰ 2,500 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਚਾਰ ਦਿਨ ਹੋ ਗਏ ਹਨ। ਸਾਨੂੰ ਪੈਸੇ ਕਦੋਂ ਮਿਲਣਗੇ, ਜਾਂ ਇਹ ਸਿਰਫ਼ ਇੱਕ ਝੂਠਾ ਵਾਅਦਾ ਸੀ?” ਇੱਕ ਹੋਰ ਪ੍ਰਦਰਸ਼ਨਕਾਰੀ ਸੁਰੇਂਦਰ ਨੇ ਕਿਹਾ, “ਹੋਲੀ ਸਿਰਫ਼ ਇੱਕ ਦਿਨ ਦੂਰ ਹੈ ਅਤੇ ਸਾਨੂੰ ਅਜੇ ਵੀ ਮੁਫ਼ਤ ਸਿਲੰਡਰ ਨਹੀਂ ਮਿਲਿਆ ਹੈ।”