ਗਿਆਨ ਸੈਦਪੁਰੀ, ਸ਼ਾਹਕੋਟ : ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੇ ਅਚਾਨਕ ਸਦੀਵੀਂ ਵਿਛੋੜੇ ਨਾਲ ਇਹ ਚਰਚਾ ਆਮ ਹੋ ਰਹੀ ਹੈ ਕਿ ਅਗਲਾ ਹਲਕਾ ਇੰਚਾਰਜ ਕੌਣ ਬਣੇਗਾ। ਹੁਣ ਤਾਂ ਹਲਕਾ ਇੰਚਾਰਜ ਦੀ ਨਵੀਂ ਨਿਯੁਕਤੀ ਹੋਣੀ ਹੈ, ਉਂਜ ਹਲਕੇ ਦੇ ਸਿਆਸੀ ਅਕਾਸ਼ ਵਿੱਚ ਆਪ ਦੇ ਹਲਕਾ ਇੰਚਾਰਜ ਬਦਲੇ ਜਾਣ ਦੀ ਗੱਲ ਘੁੰਮਦੀ ਰਹਿੰਦੀ ਸੀ। ਇਹ ਕਿਹਾ ਜਾ ਸਕਦਾ ਹੈ ਕਿ ਪਿਛਲੇ ਲਗਪਗ 25 ਸਾਲ ਤੋਂ ਕਾਂਗਰਸ ਪਾਰਟੀ ਅੰਦਰ ਜੋ ਹਲਕੇ ਦੀ ਟਿਕਟ ਪ੍ਰਰਾਪਤੀ ਦੀ ਕਸ਼ਮਕਸ਼ ਚੱਲਦੀ ਰਹੀ ਹੈ, ਉਹੋ ਜਿਹੇ ਹਾਲਾਤ ‘ਆਪ’ ਦੀ ਇੰਚਾਰਜੀ ਲਈ ਬਣੇ ਹੋਏ ਹਨ। ਇਹ ਸਮਿਝਆ ਜਾ ਰਿਹਾ ਹੈ ਕਿ ਰਾਣਾ ਹਰਦੀਪ ਸਿੰਘ ਜੋ ਪਿਛਲੇ 10 ਕੁ ਸਾਲਾਂ ਤੋਂ ਹਲਕੇ ਦੀ ਸਿਆਸਤ ਨਾਲ ਜੁੜੇ ਹੋਏ ਹਨ ਹਲਕਾ ਇੰਚਾਰਜ ਬਣਨਾ ਚਾਹੁੰਦੇ ਹਨ। ਉਨ੍ਹਾਂ ਦੇ ਹਲਕਾ ਇੰਚਾਰਜ ਬਣਨ ਦੇ ਹਾਮੀਆਂ ਦਾ ਇਹ ਮੰਨਣਾ ਹੈ ਕਿ ਉਹ ਧਾਕੜ ਵੀ ਹਨ ਤੇ ਸਿਆਸੀ ਤੌਰ ‘ਤੇ ਸਿਆਣੇ ਤੇ ਸੰਜੀਦਾ ਵੀ ਹਨ। ਉਹ ਵਿਰੋਧੀਆਂ ਨੂੰ ਸਿਆਸੀ ਟੱਕਰ ਦੇਣ ਦੇ ਸਮਰੱਥ ਵੀ ਹਨ। ਨਵੇਂ ਬਣੇ ਹਾਲਾਤ ਅਨੁਸਾਰ ਸਵ. ਰਤਨ ਸਿੰਘ ਕਾਕੜ ਕਲਾਂ ਦੇ ਸਮੱਰਥਕ ਚਾਹੁੰਦੇ ਹਨ ਕਿ ਹਲਕੇ ਦੀ ਵਾਗਡੋਰ ਬੀਬੀ ਰਣਜੀਤ ਕੌਰ ਕੋਲ ਹੋਵੇ। ਰਣਜੀਤ ਕੌਰ ਰਤਨ ਸਿੰਘ ਕਾਕੜ ਕਲਾਂ ਦੀ ਵਿਧਵਾ ਹੈ ਤੇ ਪੜ੍ਹੇ ਲਿਖੇ ਹਨ। ਉਨ੍ਹਾਂ ਦੇ ਹਲਕਾ ਇੰਚਾਰਜ ਬਣਨ ਦੀ ਚਾਰਾਜੋਈ ਵਜੋਂ ਬੁੱਧਵਾਰ ਨੂੰ ਕਾਕੜ ਕਲਾਂ ਦੇ ਸਮੱਰਥਕਾਂ ਦੀ ਇਕ ਅਹਿਮ ਮੀਟਿੰਗ ਵੀ ਹੋਈ ਹੈ।
ਕੰਨਸੋਆਂ ਇਹ ਵੀ ਹਨ ਕਿ ‘ਆਪ’ ਪੰਜਾਬ ਦੇ ਜਨਰਲ ਸਕੱਤਰ ਬੀਬੀ ਰਾਜਵਿੰਦਰ ਕੌਰ ਥਿਆੜਾ ਵੀ ਹਲਕਾ ਇੰਚਾਰਜ ਬਣਨ ਲਈ ਤਰਕੀਬਾਂ ਦੇ ਆਹਰ ਵਿੱਚ ਹਨ। ਬੇਸ਼ੱਕ ਉਹ ਪਾਰਟੀ ਦੇ ਵੱਡੇ ਆਗੂ ਹਨ ਪਰ ਉਨ੍ਹਾਂ ਦੀ ਦਾਅਵੇਦਾਰੀ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ। ਹਲਕੇ ਦੀ ‘ਆਪ’ ਵੱਲੋਂ ਵਾਗਡੋਰ ਸੰਭਾਲਣ ਦੀ ਜ਼ਿੰਮੇਵਾਰੀ ਤਜਿੰਦਰ ਸਿੰਘ ਰਾਮਪੁਰ ਨੂੰ ਦਿੱਤੇ ਜਾਣ ਦੀ ਵੀ ਚਰਚਾ ਹੈ। ਉਨ੍ਹਾਂ ਦੀ ਸਿਆਸੀ ਸੰਜੀਦਗੀ ਦਾਅਵੇਦਾਰੀ ਨੂੰ ਮਜ਼ਬੂਤੀ ਬਖਸ਼ਦੀ ਹੈ। ਰਤਨ ਸਿੰਘ ਕਾਕੜ ਕਲਾਂ ਦੇ ਜਿਊਂਦੇ ਜੀਅ ਹੀ ਹਲਕਾ ਇੰਚਾਰਜ ਬਣਨ ਲਈ ਚਾਰਾਜੋਈ ਕਰਨ ਵਾਲਿਆਂ ਵਿੱਚ ਰਜਿੰਦਰ ਸਿੰਘ ਭੁਲੱਰ ਵੀ ਸ਼ਾਮਲ ਹਨ।
ਈਸਾਈ ਆਗੂ ਡਾ ਵਿਲੀਅਮ ਜੌਨ ਵੱਲੋਂ ਹਲਕਾ ਇੰਚਾਰਜ ਵਜੋਂ ਦਾਅਵੇਦਾਰੀ ਇਸ ਆਧਾਰ ‘ਤੇ ਠੋਕੀ ਜਾ ਰਹੀ ਹੈ ਕਿ ਉਨ੍ਹਾਂ ਦਾ ਲੰਮਾ ਸਿਆਸੀ ਸਫ਼ਰ ਹੈ ਤੇ ਉਹ ਇੱਥੋਂ ਤਿੰਨ ਵਾਰ ਚੋਣ ਲੜ ਚੁੱਕੇ ਹਨ। ਕਬੱਡੀ ਜਗਤ ਦੇ ਵੱਡੇ ਸਟਾਰ ਪਿੰਦਰ ਪੰਡੋਰੀ ਵੀ ਦੌੜ ਵਿੱਚ ਸ਼ਾਮਲ ਹਨ। ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਲੈ ਕੇ ਹੁਣ ਤੱਕ ‘ਆਪ’ ਸਿਆਸਤ ਵਿੱਚ ਸਰਗਰਮ ਰੂਪ ਲਾਲ ਸ਼ਰਮਾ ਵੀ ਇੰਚਾਰਜੀ ਨਾਂ ਦੀ ‘ਮਹਿਬੂਬਾ’ ਦੇ ਰਕੀਬਾਂ ‘ਚ ਸ਼ਾਮਲ ਹਨ। ਹਰਜਿੰਦਰ ਸਿੰਘ ਸੀਚੇਵਾਲ ਵੀ ‘ਆਪ’ ਵਿੱਚ ਪ੍ਰਵਾਨਤ ਆਗੂ ਹੈ ਉਕਤ ਦੌੜ ਵਿੱਚ ਉਹ ਵੀ ਸ਼ਾਮਲ ਹਨ।